US records 63872 new cases: ਕੋਰੋਨਾ ਵਾਇਰਸ ਨੇ ਅਮਰੀਕਾ ਵਿੱਚ ਤਬਾਹੀ ਮਚਾਈ ਹੋਈ ਹੈ। ਇੱਥੇ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1 ਲੱਖ 40 ਹਜ਼ਾਰ ਨੂੰ ਪਾਰ ਕਰ ਗਈ ਹੈ । ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਮਾਮਲਿਆਂ ਵਿੱਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ ਅਤੇ ਹੁਣ ਹਰ ਚਾਰ ਦਿਨਾਂ ਵਿੱਚ ਤਿੰਨ ਲੱਖ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ । ਪਿਛਲੇ 24 ਘੰਟਿਆਂ ਵਿੱਚ ਅਮਰੀਕਾ ਵਿੱਚ 63 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ । ਜੌਨ ਹਾਪਕਿਨਜ਼ ਯੂਨੀਵਰਸਿਟੀ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਅਮਰੀਕਾ ਵਿੱਚ 63872 ਮਾਮਲੇ ਸਾਹਮਣੇ ਆਏ ਹਨ । ਇਸ ਨਾਲ ਕੁੱਲ ਕੇਸਾਂ ਦੀ ਗਿਣਤੀ 37 ਲੱਖ ਤੋਂ ਪਾਰ ਹੋ ਗਈ ਹੈ, ਜਦੋਂ ਕਿ ਕੁੱਲ ਮੌਤਾਂ ਦਾ ਅੰਕੜਾ 1.40 ਲੱਖ ਨੂੰ ਪਾਰ ਕਰ ਗਿਆ ਹੈ ।
ਅਮਰੀਕਾ ਵਿੱਚ ਜਦੋਂ ਤੋਂ ਲਾਕਡਾਊਨ ਦੇ ਨਿਯਮਾਂ ਵਿੱਚ ਢਿੱਲ ਸਾਹਮਣੇ ਆਈ ਹੈ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਬਾਹਰ ਨਿਕਲਣਾ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਕੋਰੋਨਾ ਦੇ ਮਾਮਲਿਆਂ ਵਿੱਚ ਜ਼ਬਰਦਸਤ ਉਛਾਲ ਆਇਆ ਹੈ । ਹਾਲਾਂਕਿ, ਮਰਨ ਵਾਲਿਆਂ ਦੀ ਗਿਣਤੀ ਕੁਝ ਘੱਟ ਗਈ ਹੈ। ਹੁਣ ਅਮਰੀਕਾ ਵਿੱਚ ਇੱਕ ਹਫ਼ਤੇ ਵਿਚ ਪੰਜ ਹਜ਼ਾਰ ਲੋਕਾਂ ਦੀ ਜਾਨ ਜਾ ਰਹੀ ਹੈ, ਇਸ ਤੋਂ ਪਹਿਲਾਂ ਇੱਕ ਸਮਾਂ ਸੀ ਜਿੱਥੇ ਹਰ ਰੋਜ਼ ਬਹੁਤ ਸਾਰੇ ਲੋਕ ਆਪਣੀ ਜਾਨ ਗੁਆ ਰਹੇ ਸਨ।
ਦੂਜੇ ਪਾਸੇ ਵੱਧ ਰਹੇ ਟੈਸਟਿੰਗ ਅਤੇ ਢਿੱਲ ਮਿਲਣ ਕਾਰਨ ਕੋਰੋਨਾ ਦੇ ਕੇਸ ਵੱਧ ਰਹੇ ਹਨ। ਪਿਛਲੇ ਇੱਕ ਹਫਤੇ ਦੌਰਾਨ ਹਰ ਰੋਜ਼ 60 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਜਦੋਂਕਿ ਕੁਝ ਦਿਨਾਂ ਵਿੱਚ ਇਹ ਅੰਕੜਾ 70 ਹਜ਼ਾਰ ਨੂੰ ਪਾਰ ਕਰ ਗਿਆ ਹੈ । ਅਮਰੀਕਾ ਦੁਨੀਆ ਦਾ ਸਭ ਤੋਂ ਪ੍ਰਭਾਵਿਤ ਦੇਸ਼ ਹੈ, ਹੁਣ ਫਲੋਰੀਡਾ ਰਾਜ ਵਿੱਚ ਰੋਜ਼ਾਨਾ 20 ਹਜ਼ਾਰ ਮਾਮਲੇ ਸਾਹਮਣੇ ਆ ਰਹੇ ਹਨ ।
ਦੱਸ ਦੇਈਏ ਕਿ ਜੇਕਰ ਪੂਰੀ ਦੁਨੀਆ ਦੀ ਗੱਲ ਕਰੀਏ ਤਾਂ ਦੁਨੀਆ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 1.40 ਕਰੋੜ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ 6 ਲੱਖ ਤੋਂ ਜ਼ਿਆਦਾ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ਅਜਿਹੇ ਦੇਸ਼ ਹਨ, ਜਿੱਥੇ ਹਰ ਰੋਜ਼ ਮਿਲਾ ਕੇ ਡੇਢ ਲੱਖ ਮਾਮਲੇ ਸਾਹਮਣੇ ਆ ਰਹੇ ਹਨ।