PSEB 12th results boys topped: ਆਖਰਕਾਰ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਹਾਲਾਂਕਿ ਮੈਰਿਟ ਲਿਸਟ ਤਾਂ ਨਹੀਂ ਜਾਰੀ ਕੀਤੀ ਗਈ ਪਰ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਸੀਨੀਅਰ ਸੈਕੰਡਰੀ ਮੈਮੋਰੀਅਲ ਸਕੂਲ ਵਿਦਿਆਰਥੀਆਂ ਨੇ ਇਸ ਵਾਰ ਬਾਜ਼ੀ ਮਾਰੀ ਹੈ। ਇਸ ਸਕੂਲ ਦੇ ਤਿੰਨ ਮੁੰਡੇ ਅੱਵਲ ਰਹੇ ਨੇ। ਜਾਣਕਾਰੀ ਮੁਤਾਬਕ ਕਾਮਰਸ ਸਟਰੀਮ ਦੇ ‘ਚ ਦਵਿੰਦਰ ਸਿੰਘ ਨੇ 450 ‘ਚੋਂ 449 ਅੰਕ ਹਾਸਿਲ ਕੀਤੇ ਹਨ ਜਦਕਿ ਕਾਮਰਸ ‘ਚ ਹੀ ਜਸਵਿੰਦਰ ਸਿੰਘ ਨੇ 446 ਅਤੇ ਸਾਇੰਸ ਵਿਸ਼ੇ ‘ਚ ਅੰਕੁਰ ਪਾਂਡੇ ਨੇ 450 ‘ਚੋਂ 447 ਅੰਕ ਹਾਸਿਲ ਕੀਤੇ ਹਨ।
ਇਸ ਸਬੰਧੀ ਤਿੰਨਾਂ ਟਾਪਰਾਂ ਨੇ ਆਪਣੀ ਮਿਹਨਤ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਕੂਲ ਦੇ ਅਧਿਆਪਕ ਪ੍ਰਿੰਸੀਪਲ ਡਾਇਰੈਕਟਰ ਦੀ ਸਖ਼ਤ ਮਿਹਨਤ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਾਥ ਕਰਕੇ ਹੀ ਉਨ੍ਹਾਂ ਨੇ ਇਹ ਅੰਕ ਹਾਸਿਲ ਕੀਤੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਭਵਿੱਖ ਬਾਰੇ ਯੋਜਨਾਵਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਵੱਡੀ ਗੱਲ ਇਹ ਰਹੀ ਕਿ ਇਸ ਵਾਰ ਸਕੂਲ ਵਿੱਚ ਤਿੰਨੇ ਹੀ ਮੁੰਡਿਆਂ ਨੇ ਟਾਪ ਕੀਤਾ।ਦੂਜੇ ਪਾਸੇ ਸਕੂਲ ਦੇ ਡਾਇਰੈਕਟਰ ਗੁਰਬਚਨ ਸਿੰਘ ਗਰੇਵਾਲ ਨੇ ਦੱਸਿਆ ਕਿ ਬੀਤੇ ਸਾਲ ਬਾਰ੍ਹਵੀਂ ਦੇ ਨਤੀਜਿਆਂ ਨਾਲ ਉਨ੍ਹਾਂ ਨੇ ਆਪਣੇ ਹੀ ਰਿਕਾਰਡ ਨੂੰ ਇਸ ਵਾਰ ਤੋੜ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲ ਦੀ ਪ੍ਰਿੰਸੀਪਲ ਨੇ ਸਖਤ ਮਿਹਨਤ ਕੀਤੀ ਹੈ ਅਤੇ ਅਧਿਆਪਕਾਂ ਦਾ ਬਹੁਤ ਜ਼ੋਰ ਲੱਗਾ ਹੋਇਆ ਸੀ। ਇਸ ਨਾਲ ਹੀ ਉਨ੍ਹਾਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਵੀ ਵਧਾਈ ਦਿੱਤੀ।ਸਕੂਲ ਦੇ ਡਾਇਰੈਕਟਰ ਨੇ ਬੋਰਡ ਦੇ ਨਾਲ ਆਪਣੀ ਨਾਰਾਜ਼ਗੀ ਵੀ ਜਤਾਈ ਹੈ ਕਿ ਬੋਰਡ ਨੂੰ ਇਸ ਵਾਰ ਮੈਰਿਟ ਲਿਸਟ ਕੱਢਣੀ ਚਾਹੀਦੀ ਸੀ ਪਰ ਨਹੀਂ ਕੱਢੀ।