Twenty five cases of Corona : ਅੱਜ ਹੁਸ਼ਿਆਰਪੁਰ ਜ਼ਿਲੇ ਤੋਂ ਕੋਰੋਨਾ ਦੇ 18 ਅਤੇ ਫਤਿਹਗੜ੍ਹ ਸਾਹਿਬ ਤੋਂ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਬੀਤੇ ਦਿਨ ਹੁਸ਼ਿਆਰਪੁਰ ਜ਼ਿਲੇ ਵਿਚ ਜਿਥੇ ਇਕ ਮੌਤ ਹੋ ਗਈ, ਉਥੇ ਅੱਜ ਸਾਹਮਣੇ ਆਏ 18 ਮਾਮਲਿਆਂ ਨਾਲ ਜ਼ਿਲੇ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 408 ਹੋ ਗਿਆ ਹੈ। ਉਥੇ ਹੀ ਹੁਣ ਜ਼ਿਲੇ ਵਿਚ ਕੁਲ 174 ਐਕਟਿਵ ਮਾਮਲੇ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਅੱਜ ਸਾਹਮਣੇ ਆਏ ਮਾਮਲਿਆਂ ਵਿਚੋਂ 6 ਮਾਮਲੇ ਮੁਕੇਰੀਆਂ ਨਾਲ ਸਬੰਧਤ ਹਨ, ਜੋਕਿ ਕੋਰੋਨਾ ਪੀੜਤ ਮ੍ਰਿਤਕ ਦੇ ਪਰਿਵਾਰਕ ਮੈਂਬਰ ਹਨ, ਉਥੇ ਹੀ ਦੋ ਮਾਮਲੇ ਪਿੰਡ ਮਹਿਤਾਪੁਰ, ਦੋ ਪ੍ਰਾਇਮਰੀ ਹੈਲਤ ਸੈਂਟਰ ਚੱਕੋਵਾਲ ਨਾਲ ਸਬੰਧਤ ਮਜ਼ਦੂਰ ਹਨ।
ਦੱਸ ਦੇਈਏ ਕਿ ਦਸੂਹਾ ਦੇ ਮੁਹੱਲਾ ਬੰਤਾ ਸਿੰਘ ਕਾਲੋਨੀ ਦੇ ਰਹਿਣ ਵਾਲੇ 61 ਸਾਲਾ ਨਰਿੰਦਰ ਕੁਮਾਰ ਪੁੱਤਰ ਚੇਲਾ ਰਾਮ ਦੀ ਹਾਲਤ ਗੰਭੀਰ ਹੋਣ ’ਤੇ ਹਸਪਤਾਲ ਵਿਚ ਬੀਤੇ ਦਿਨ ਮੌਤ ਹੋ ਗਈ। ਇਸ ਦੀ ਪੁਸ਼ਟੀ ਕਰਦਿਆਂ ਸਿਵਲ ਹਸਪਤਾਲ ਦੇ ਐਸਐਮਓ ਡਾ. ਦਵਿੰਦਰ ਪੁਰੀ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਕੁਝ ਦਿਨ ਪਹਿਲਾਂ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੇ ਇਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ, ਜਿਥੇ ਬੀਤੇ ਦਿਨ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਿਲੇ ਵਿਚ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚੋਂ 24,380 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 22,813 ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ 1163 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਅੱਜ ਵੀ ਜ਼ਿਲੇ ਵਿਚੋਂ 289 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ।
ਉਥੇ ਹੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਏ 7 ਮਾਮਲਿਆਂ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਐਨ. ਕੇ. ਅਗਰਵਾਲ ਨੇ ਦੱਸਿਆ ਕਿ ਅੱਜ ਮੰਡੀ ਗੋਬਿੰਦਗੜ੍ਹ ਤੋਂ ਚਾਰ, ਬ੍ਰਾਹਮਣ ਮਾਜਰਾ ਤੋਂ ਇਕ ਅਤੇ ਪਿੰਡ ਰੰਧਾਵਾ ਤੋਂ ਦੋ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 265 ਹੋ ਗਈ ਹੈ, ਜਿਨ੍ਹਾਂ ਵਿਚੋਂ 182 ਲੋਕ ਠੀਕ ਹੋਣ ’ਤੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਜ਼ਿਲੇ ਵਿਚ 74 ਮਾਮਲੇ ਐਕਟਿਵ ਹਨ। ਦੱਸ ਦੇਈਏ ਕਿ ਹੁਣ ਤੱਕ ਦੋ ਲੋਕ ਇਸ ਮਾਹਮਾਰੀ ਨਾਲ ਆਪਣੀ ਜਾਨ ਗੁਆ ਚੁੱਕੇ ਹਨ।