Ninety Four Positive cases : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਹੁਸ਼ਿਆਰਪੁਰ ਜ਼ਿਲੇ ਵਿਚ ਕੋਰੋਨਾ ਦੇ ਅੱਜ ਵੱਡੀ ਗਿਣਤੀ ’ਚ ਮਾਮਲੇ ਸਾਹਮਣੇ ਆਏ ਹਨ, ਜਿਥੇ 51 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਉਥੇ ਹੀ ਫਾਜ਼ਿਲਕਾ ਜ਼ਿਲੇ ਵਿਚ 22 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਵਿਚ BSF ਦੇ ਜਵਾਨ ਸ਼ਾਮਲ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਹੁਸ਼ਿਆਰਪੁਰ ਜ਼ਿਲੇ ਤੋਂ ਸਾਹਮਣੇ ਆਏ ਮਾਮਲਿਆਂ ਵਿਚੋਂ 8 ਮਾਮਲੇ ਸ਼ਹਿਰ ਤੋਂ ਹੀ ਹਨ, ਜਦਕਿ 43 ਬੀਐਸਐਫ ਦੇ ਜਵਾਨਾਂ ਦੀ ਰਿਪੋਰਟ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਜ਼ਿਲੇ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 459 ਹੋ ਗਈ ਹੈ। ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆਉਣ ਨਾਲ ਜ਼ਿਲੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਹੁਣ ਤੱਕ ਜ਼ਿਲੇ ਵਿਚ ਕੋਰੋਨਾ ਨਾਲ 13 ਮੌਤਾਂ ਹੋ ਚੁੱਕੀਆਂ ਹਨ, ਜਦਕਿ ਇਸ ਸਮੇਂ 174 ਮਾਮਲੇ ਐਕਟਿਵ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਹੁਣ ਤੱਕ ਜ਼ਿਲੇ ਵਿਚੋਂ 24,380 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 22,813 ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ 1163 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਉਥੇ ਹੀ ਫਾਜ਼ਿਲਕਾ ਜ਼ਿਲੇ ’ਚ 22 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਿਨ੍ਹਾਂ ਵਿਚੋਂ 7 ਮਾਮਲੇ ਫਾਜ਼ਿਲਕਾ, 9 ਮਾਮਲੇ ਅਬੋਹਰ, 5 ਜਲਾਲਾਬਾਦ ਤੇ ਇਕ ਕਪੂਰਥਲਾ ਨਾਲ ਸਬੰਧਤ ਹੈ। ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਅੱਜ ਸਾਹਮਣੇ ਆਏ ਮਾਮਲਿਆਂ ਵਿਚ ਅਬੋਹਰ ਦੇ 6 ਬੀਐਸਐਫ ਦੇ ਜਵਾਨਵੀ ਸ਼ਾਮਲ ਹਨ। ਇਸ ਤੋਂ ਇਲਾਵਾ ਫਾਜ਼ਿਲਕਾ ਜ਼ਿਲੇ ਵਿਚ ਵੀ ਬੀਐਸਐਫ ਦੇ ਤਿੰਨ ਜਵਾਨਾਂ ਤੇ ਐਮੀ ਕਾਲੋਨੀ, ਵਿਜੇ ਨਗਰ, ਕੈਨਾਲ ਕਾਲੋਨੀ ਅਤੇ ਇਕ ਪਿੰਡ ਨਾਲ ਸਬੰਧਤ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜਲਾਲਾਬਾਦ ਦੇ ਮਾਮਲੇ ਅਗਰਵਾਲ ਕਾਲੋਨੀ, ਗਾਂਧੀ ਨਗਰ, ਹਲੀਮ ਵਾਲਾ ਪਿੰਡ ਤੇ ਅਰਾਈਆਂ ਵਾਲਾ ਪਿੰਡ ਨਾਲ ਸਬੰਧਤ ਹਨ। ਇਨ੍ਹਾਂ ਦੀ ਵੀ ਕੋਈ ਟ੍ਰੈਵਲ ਹਿਸਟਰੀ ਸਾਹਮਣੇ ਨਹੀਂ ਆਈ ਹੈ।