Vigilance arrests two : ਗੁਰਦਾਸਪੁਰ : ਵਿਜੀਲੈਂਸ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦਿਆਂ ਗੁਰਦਾਸਪੁਰ ਜ਼ਿਲੇ ਦੀਆਂ ਵੱਖ-ਵੱਖ ਨਗਰ ਕੌਂਸਲਾਂ ਵਿਖੇ ਛਾਪੇਮਾਰੀ ਕਰਕੇ ਤਿੰਨ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਦੋ ਈਓ ਅਤੇ ਇਕ ਮਹਿਲਾ ਸੀਨੀਅਰ ਸਟੈਨੋਗ੍ਰਾਫਰ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਕਾਰਵਾਈ ਸਾਲ 2017 ਦੀ ਇੱਕ ਸ਼ਿਕਾਇਤ ਅਧੀਨ ਕੀਤੀ ਗਈ, ਜਿਸ ਵਿਚ ਦੌਰਾਨ ਕਸਬਾ ਫ਼ਤਿਹਗੜ੍ਹ ਚੂੜੀਆਂ ਦੇ ਈ.ਓ ਭੁਪਿੰਦਰ ਸਿੰਘ, ਨਗਰ ਕੌਂਸਲ ਗੁਰਦਾਸਪੁਰ ਦੇ ਈ.ਓ ਅਸ਼ੋਕ ਕੁਮਾਰ ਅਤੇ ਨਗਰ ਕੌਂਸਲ ਬਟਾਲਾ ਦੀ ਸੀਨੀਅਰ ਸਟੈਨੋਗ੍ਰਾਫ਼ਰ ਸਵਿਤਾ ਰਾਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਅਤੇ ਸਾਲ 2017 ਨੂੰ ਨਗਰ ਕੌਂਸਲ ਬਟਾਲਾ ਦੇ ਉਪ ਪ੍ਰਧਾਨ ਰਹਿ ਚੁੱਕੇ ਬਟਾਲਾ ਵਾਸੀ ਹਰਿੰਦਰ ਸਿੰਘ ਕਲਸੀ ਨੇ ਦੱਸਿਆ ਕਿ ਸਥਾਨਕ ਨਗਰ ਕੌਂਸਲ ਪ੍ਰਧਾਨ ਖਿਲਾਫ ਇਕ ਫਰਜ਼ੀਵਾੜੇ ਸਬੰਧੀ ਸ਼ਿਕਾਇਤ ਉਨ੍ਹਾਂ ਵੱਲੋਂ ਸਾਲ 2017 ਵਿੱਚ ਵਿਜੀਲੈਂਸ ਵਿਭਾਗ ਵਿਚ ਦਰਜ ਕਰਵਾਈ ਗਈ ਸੀ, ਜਿਸ ਦੀ ਪੂਰੀ ਤਰ੍ਹਾਂ ਜਾਂਚ-ਪੜਤਾਲ ਕਰਨ ਤੋਂ ਬਾਅਦ ਵਿਜੀਲੈਂਸ ਵਿਭਾਗ ਵੱਲੋਂ ਇਹ ਕਾਰਵਾਈ ਕੀਤੀ ਗਈ ਅਤੇ ਇਨ੍ਹਾਂ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੂਜੇ ਪਾਸੇ ਪੂਰੇ ਮਾਮਲੇ ਸਬੰਧੀ ਨਗਰ ਨਿਗਮ ਬਟਾਲਾ ਦੇ ਸੁਪਰਡੈਂਟ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਵਿਜੀਲੈਂਸ ਵਿਭਾਗ ਦੀ ਟੀਮ ਨੇ ਬਟਾਲਾ ਨਗਰ ਨਿਗਮ ਤੋਂ ਅਧਿਕਾਰੀਆਂ ਸਬੰਧੀ ਜਾਣਕਾਰੀ ਮੰਗੀ ਅਤੇ ਉਹ ਸੀਨੀਅਰ ਸਟੈਨੋਗ੍ਰਾਫ਼ਰ ਨੂੰ ਵੀ ਆਪਣੇ ਨਾਲ ਲੈ ਪੁੱਛ-ਗਿੱਛ ਲਈ ਲੈ ਕੇ ਗਏ ਹਨ।