Senior doctor reported corona : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦਾ ਇਲਾਜ ਕਰ ਰਹੇ ਡਾਕਟਰ ਤੇ ਹੈਲਥ ਵਰਕਰ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ। ਤਾਜ਼ਾ ਮਾਮਲੇ ਵਿਚ ਫਿਰੋਜ਼ਪੁਰ ਸਿਵਲ ਹਸਪਤਾਲ ਦੇ ਇਕ ਸੀਨੀਅਰ ਡਾਕਟਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਸੀਨੀਅਰ ਡਾਕਟਰ ਨੂੰ ਹਲਕੇ ਲੱਛਣ ਦਿਖਾਈ ਦੇਣ ’ਤੇ ਉਸ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ, ਜਿਸ ਦੀ ਰਿਪੋਰਟ ਅੱਜ ਪਾਜ਼ੀਟਿਵ ਆ ਗਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਇਕ ਮੇਲ ਨਰਸ ਅਤੇ ਇਕ ਫੀਮੇਲ ਨਰਸ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਸੀ। ਫਿਰੋਜ਼ਪੁਰ ‘ਚ ਆਮ ਲੋਕਾਂ ਦੇ ਨਾਲ-ਨਾਲ ਜ਼ਿਲ੍ਹੇ ‘ਚ ਉੱਚ ਪੱਧਰ ਦੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਵੀ ਕੋਰੋਨਾ ਦੀ ਲਪੇਟ ‘ਚ ਆ ਰਹੇ ਹਨ। ਜਿਸ ਨਾਲ ਜ਼ਿਲ੍ਹੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਦੱਸ ਦੇਈਏ ਕਿ ਫਿਰੋਜ਼ਪੁਰ ਵਿਚ ਹੁਣ ਤੱਕ ਕੋਰੋਨਾ ਦੇ 272 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 158 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਥੇ ਹੀ ਜ਼ਿਲੇ ਵਿਚ ਹੁਣ ਤੱਕ ਕੋਰੋਨਾ ਨਾਲ 6 ਮੌਤਾਂ ਹੋ ਚੁੱਕੀਆਂ ਹਨ।
ਦੱਸਣਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਬੀਤੇ ਦਿਨ ਪੰਜਾਬ ਵਿਚ ਕੋਰੋਨਾ ਨਾਲ 5 ਮੌਤਾਂ ਹੋਣ ਦੇ ਨਾਲ-ਨਾਲ 550 ਤੋਂ ਵੀ ਵੱਧ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 12293 ਹੋ ਗਈ ਹੈ ਅਤੇ ਉਥੇ ਹੀ ਮੌਤਾਂ ਦਾ ਅੰਕੜਾ ਵੀ 553 ਤੱਕ ਪਹੁੰਚ ਗਿਆ ਹੈ। ਹੁਣ ਤੱਕ 8096 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਪਰ ਅਜੇ ਵੀ ਇਸ ਜੇ 3915 ਮਾਮਲੇ ਐਕਟਿਵ ਹਨ, ਜਿਨ੍ਹਾਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।