Ludhiana lawyer Sidhu Musewala: ਆਏ ਦਿਨ ਵਿਵਾਦਾਂ ‘ਚ ਘਿਰੇ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਵਕੀਲ ਭਾਈਚਾਰਾ ਹੁਣ ਸਿੱਧੂ ਮੂਸੇਵਾਲਾ ਦੇ ਖਿਲਾਫ ਖੜ੍ਹਾ ਹੋਇਆ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੇ ‘ਸੰਜੂ’ ਗਾਣੇ ‘ਚ ਵਕੀਲਾਂ ਖਿਲਾਫ ਇਕ ਵਿਵਾਦਿਤ ਲਾਈਨ ਬੋਲੀ, ਜਿਸ ਨੂੰ ਲੈ ਕੇ ਵਕੀਲ ਭਾਈਚਾਰੇ ਨੇ ਸਿੱਧੂ ਮੂਸੇਵਾਲਾ ਨੂੰ ਲੀਗਲ ਨੋਟਿਸ ਭੇਜਿਆ ਅਤੇ 7 ਦਿਨਾਂ ਦੇ ਅੰਦਰ ਜਵਾਬ ਵੀ ਮੰਗਿਆ।
ਇਸ ਸਬੰਧੀ ਐਡਵੋਕੇਟ ਕਪਿਲ ਸਿੰਘ ਅਤੇ ਕੇਸ਼ਵ ਮਲਹੋਤਰਾ ਨੇ ਦੱਸਿਆ ਹੈ ਕਿ ਸਿੱਧੂ ਮੂਸੇਵਾਲੇ ਨੇ ਗਾਣੇ ‘ਚ ਵਕੀਲਾਂ ਨੂੰ ਅਬਾ-ਤਬਾ ਬੋਲਣ ਦੀ ਗੱਲ ਕੀਤੀ ਹੈ, ਜਿਸ ਕਰਕੇ ਵਕੀਲ ਭਾਈਚਾਰੇ ‘ਚ ਨਿਰਾਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਮੂਸੇਵਾਲਾ ਨੂੰ ਲੀਗਲ ਨੋਟਿਸ ਭੇਜਿਆ ਗਿਆ ਅਤੇ 7 ਦਿਨਾਂ ‘ਚ ਵਕੀਲ ਭਾਈਚਾਰੇ ਤੋਂ ਮੁਆਫ਼ੀ ਮੰਗਣ ਦੀ ਗੱਲ ਕਹੀ ਗਈ ਹੈ। ਜੇਕਰ ਉਸ ਨੇ ਮੁਆਫੀ ਨਾ ਮੰਗੀ ਤਾਂ ਉਸ ਖਿਲਾਫ ਪੁਲਿਸ ਕੋਲ ਵੀ ਉਹ ਸ਼ਿਕਾਇਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਵਕੀਲ ਉਨ੍ਹਾਂ ਦੇ ਨਾਲ ਨੇ ਸਿੱਧੂ ਮੂਸੇਵਾਲਾ ਨੇ ਵਕੀਲ ਭਾਈਚਾਰੇ ਦੇ ਅਕਸ ਨੂੰ ਢਾਹ ਲਾਈ ਹੈ।