gym owner sell machines: ਪੰਜਾਬ ‘ਚ ਜਿੱਥੇ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੀ ਸਾਰੇ ਵਰਗਾਂ ਨੂੰ ਆਰਥਿਕ ਮੰਦੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਸਰਕਾਰ ਨੇ ਕੁਝ ਗਾਈਡਲਾਈਨਜ਼ ਜਾਰੀ ਕਰਕੇ ਕੁਝ ਕਾਰੋਬਾਰਾਂ ਨੂੰ ਖੋਲ ਕੇ ਲੋਕਾਂ ਨੂੰ ਰਾਹਤ ਦੇ ਦਿੱਤੀ ਹੈ ਪਰ ਹਾਲੇ ਤੱਕ ਜਿਮ ਮਾਲਕਾਂ ਦੇ ਕਾਰੋਬਾਰ ਬੰਦ ਹਨ, ਜਿਸ ਕਾਰਨ ਸਰਕਾਰ ਤੋਂ ਅੱਕੇ ਜਿਮ ਮਾਲਕਾਂ ਨੇ ਲੁਧਿਆਣਾ ‘ਚ ਅਨੋਖੇ ਢੰਗ ਨਾਲ ਭੜਾਸ ਕੱਢੀ। ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਡੀਵੀਜਨ ਨੰਬਰ 3 ਦੇ ਅਧੀਨ ਜਿਮ ਮਾਲਕਾਂ ਅਮਰਜੋਤ ਸਿੰਘ ਵੱਲੋਂ ਆਪਣੀਆਂ ਸਾਰੀਆਂ ਮਸ਼ੀਨਾਂ ਸੇਲ ‘ਤੇ ਲਾ ਕੇ ਸਰਕਾਰ ਖਿਲਾਫ ਭੜਾਸ ਕੱਢੀ। ਇਸ ਦੌਰਾਨ ਉਨ੍ਹਾਂ ਨੂੰ ਅਕਾਲੀ ਦਲ ਦੇ ਯੂਥ ਆਗੂ ਗੁਰਦੀਪ ਸਿੰਘ ਗੋਸ਼ਾ ਵੱਲੋਂ ਸਮਰਥਨ ਮਿਲਿਆ।
ਮੀਡੀਆ ਸਾਹਮਣੇ ਆਪਣੇ ਦੁੱਖੜੇ ਰੋਂਦੇ ਹੋਏ ਜਿਮ ਮਾਲਕ ਅਮਰਜੋਤ ਸਿੰਘ ਨੇ ਕਿਹਾ ਹੈ ਕਿ ਉਹ ਆਪਣੇ ਜਿਮ ਨੂੰ ਬੱਚਿਆ ਵਾਂਗ ਪਿਆਰ ਕਰਦਾ ਸੀ ਅਤੇ ਹੁਣ ਜਿਮ ਬੰਦ ਹੋਣ ਕਰਕੇ ਸਾਰੇ ਖਰਚੇ ਉਸੇ ਤਰ੍ਹਾਂ ਹੀ ਪਏ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਾਰੇ ਹੀ ਕੰਮ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਜਿਮ ਖੁੱਲ੍ਹਣ ਦੀ ਇਜਾਜ਼ਤ ਹਾਲੇ ਤੱਕ ਨਹੀਂ ਦਿੱਤੀ। ਅਮਰਜੋਤ ਨੇ ਇਹ ਵੀ ਕਿਹਾ ਹੈ ਕਿ ਅੱਜ ਉਹ ਲੱਖਾਂ ਰੁਪਇਆ ਦਾ ਕਰਜ਼ਾਈ ਹੋ ਚੁੱਕਿਆ ਹੈ ਅਤੇ ਘਰ ਚਲਾਉਣ ਲਈ ਉਸ ਨੇ 1 ਜੁਲਾਈ ਨੂੰ ਇਕ ਮਸ਼ੀਨ ਵੀ ਵੇਚੀ ਹੈ, ਜੋ ਨਵੀਂ ਨਾਲੋਂ ਕਿਤੇ ਘੱਟ ਕੀਮਤ ‘ਤੇ ਵਿਕੀ ਹੈ। ਇਸ ਤੋਂ ਇਲਾਵਾ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਅਮਰਜੋਤ ਦਾ ਕਹਿਣਾ ਹੈ ਕਿ ਇਕ ਵਾਰ ਸਰਕਾਰ ਜਿਮ ਚਲਾਉਣ ਦੀ ਇਜਾਜ਼ਤ ਦੇ ਦੇਵੇ ਜਾਂ ਫਿਰ ਸਾਡੀਆਂ ਮਸ਼ੀਨਾਂ ਖੁਦ ਹੀ ਖਰੀਦ ਲੈਣ। ਜ਼ਿਕਰਯੋਗ ਹੈ ਕਿ ਜਿਮ ਮਾਲਕ ਲੰਬੇ ਸਮੇਂ ਤੋਂ ਧਰਨੇ ਦੇ ਕੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾ ਰਹੇ ਹਨ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ।