controversy playing cards youth murder: ਕਹਿੰਦੇ ਹਨ ਕਿ ਗੁੱਸਾ ਇਨਸਾਨ ਦੀ ਜ਼ਿੰਦਗੀ ਖਾ ਜਾਂਦਾ ਹੈ, ਕਈ ਵਾਰ ਗੁੱਸਾ ਇਕ ਜ਼ਿੰਦਗੀ ਤੱਕ ਸੀਮਤ ਨਹੀਂ ਰਹਿੰਦਾ ਸਗੋਂ ਕਈ ਹੋਰ ਜ਼ਿੰਦਗੀਆਂ ਵੀ ਬਰਬਾਦ ਕਰ ਦਿੰਦਾ ਹੈ। ਅਜਿਹਾ ਹੀ ਮਾਮਲਾ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ ਕੂੰਮਕਲਾ ਅਧੀਨ ਪੈਂਦੇ ਪਿੰਡ ਬਲੀਏਵਾਲ ‘ਚ ਤਾਸ਼ ਖੇਡਦੇ ਮਾਮੂਲੀ ਜਿਹੇ ਵਿਵਾਦ ਨੇ ਅਜਿਹਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਇਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪਿਆ।ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ।
ਇਸ ਘਟਨਾ ਦੀ ਜਾਣਕਾਰੀ ਦਿੰਦੇ ਮ੍ਰਿਤਕ ਦੇ ਭਰਾ ਬਹਾਦਰ ਸਿੰਘ ਨੇ ਦੱਸਿਆ ਕਿ ਉਹ ਦੋਵੇ ਭਰਾ ਪਰਿਵਾਰ ਸਮੇਤ ਬਲੀਏਵਾਲ ਵਿਖੇ ਆਪਣੇ ਫੁੱਫੜ ਦੇ ਭੋਗ ‘ਤੇ ਆਏ ਸਨ ਅਤੇ ਉਸ ਤੋਂ ਬਾਅਦ ਸਾਰੇ ਤਾਸ਼ ਖੇਡਣ ਲੱਗ ਗਏ। ਤਾਸ਼ ਖੇਡਦਿਆਂ ਹੀ ਮ੍ਰਿਤਕ ਦਾਰਾ ਸਿੰਘ ਦੀ ਗੇਲੀ, ਬਲਜੀਤ, ਗੋਬਿੰਦ ਅਤੇ ਸਾਗਰ ਨਾਲ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਲੜਾਈ ਹੋਈ, ਇਸ ਲੜਾਈ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਉਕਤ ਵਿਅਕਤੀਆਂ ਦੇ ਨਾਲ ਕੁਝ ਹੋਰ ਅਣਪਛਾਤੇ ਵਿਅਕਤੀਆਂ ਨੇ ਰਲ ਕੇ ਉਸ ਦੇ ਭਰਾ ਦਾਰਾ ਸਿੰਘ ਦਾ ਗਲਾ ਘੁੱਟ ਦਿੱਤਾ, ਜਦੋਂ ਬਹਾਦਰ ਸਿੰਘ ਆਪਣੇ ਭਰਾ ਨੂੰ ਛੁਡਾਉਣ ਲੱਗਿਆ ਤਾਂ ਉਸ ਦੇ ਵੀ ਸੱਟਾਂ ਵੱਜੀਆਂ। ਇਸ ਦੌਰਾਨ ਜਦੋਂ ਗੰਭੀਰ ਹਾਲਤ ‘ਚ ਜ਼ਖਮੀ ਦਾਰਾ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮੌਕੇ ‘ਤੇ ਪਹੁੰਚੇ ਐੱਸ.ਐੱਚ.ਓ ਪਰਮਜੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਨੇ ਕਤਲ ਕੀਤਾ ਉਨ੍ਹਾਂ ਨੇੜੇ ਦਾ ਰਿਸ਼ਤੇਦਾਰ ਨਹੀਂ ਸਗੋਂ ਦੂਰ ਦੇ ਹੀ ਰਿਸ਼ਤੇਦਾਰ ਸੀ। ਇਸ ਘਟਨਾ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਸਾਰੇ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।