World Cup Super League: ਇੰਗਲੈਂਡ ਅਤੇ ਆਇਰਲੈਂਡ ਵਿਚਾਲੇ 30 ਜੁਲਾਈ ਯਾਨੀ ਕਿ ਅੱਜ ਤੋਂ ਸ਼ੁਰੂ ਹੋਣ ਵਾਲੀ ਸੀਰੀਜ਼ ਦੇ ਨਾਲ 129 ਦਿਨਾਂ ਦੇ ਅੰਤਰਾਲ ‘ਤੇ ਵਨਡੇ ਕ੍ਰਿਕਟ ਦੀ ਵਾਪਸੀ ਹੋਵੇਗੀ । ਇੰਗਲੈਂਡ ਅਤੇ ਆਇਰਲੈਂਡ ਵਿਚਾਲੇ ਖੇਡੀ ਜਾਣ ਵਾਲੀ ਸੀਰੀਜ਼ ਨਾਲ ਵਿਸ਼ਵ ਕੱਪ ਸੁਪਰ ਲੀਗ ਦਾ ਆਗਾਜ਼ ਹੋ ਰਿਹਾ ਹੈ। ਦਰਅਸਲ, ਵਿਸ਼ਵ ਕੱਪ ਸੁਪਰ ਲੀਗ ਮਈ ਵਿੱਚ ਸ਼ੁਰੂ ਹੋਣੀ ਸੀ, ਪਰ ਕੋਰੋਨਾ ਕਾਰਨ ਇਸਦੀ ਸ਼ੁਰੂਆਤ ਵਿੱਚ ਦੇਰੀ ਹੋ ਗਈ। 2023 ਦੇ ਵਨਡੇ ਵਿਸ਼ਵ ਕੱਪ ਦੇ ਲਿਹਾਜ਼ ਨਾਲ ਵਿਸ਼ਵ ਕੱਪ ਸੁਪਰ ਲੀਗ ਬੇਹੱਦ ਅਹਿਮ ਹੈ।
ਵਿਸ਼ਵ ਕੱਪ ਸੁਪਰ ਲੀਗ ਇੱਕ ਨਵੀਂ ਕਿਸਮ ਦਾ ਟੂਰਨਾਮੈਂਟ ਹੈ। ਇਹ ਟੂਰਨਾਮੈਂਟ ਦੋ ਸਾਲਾਂ ਤੱਕ ਚੱਲੇਗਾ। ਦੋ ਦਿਨ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ(ICC) ਨੇ ਵਿਸ਼ਵ ਕੱਪ ਸੁਪਰ ਲੀਗ ਦੇ ਉਦਘਾਟਨ ਦਾ ਐਲਾਨ ਕੀਤਾ ਸੀ । ਇਸ ਟੂਰਨਾਮੈਂਟ ਵਿੱਚ ICC ਦੇ 12 ਪੂਰੇ ਮੈਂਬਰਾਂ ਤੋਂ ਇਲਾਵਾ ਨੀਦਰਲੈਂਡਜ਼ ਨੂੰ ਵੀ ਜਗ੍ਹਾ ਮਿਲੀ ਹੈ। ਨੀਦਰਲੈਂਡ ਦੀ ਟੀਮ 2015-17 ਵਿਚਾਲੇ ਖੇਡੀ ਗਈ ਵਰਲਡ ਕ੍ਰਿਕਟ ਸੁਪਰ ਲੀਗ ਨੂੰ ਆਪਣਾ ਨਾਮ ਦੇ ਕੇ ਇਸ ਟੂਰਨਾਮੈਂਟ ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਰਹੀ ਹੈ।
2023 ਵਿਸ਼ਵ ਕੱਪ ਵਿੱਚ ਮੇਜ਼ਬਾਨ ਭਾਰਤ ਤੋਂ ਇਲਾਵਾ ਲੀਗ ਵਿੱਚ ਚੋਟੀ ਦੇ 7 ਸਥਾਨਾਂ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਸਿੱਧੀ ਐਂਟਰੀ ਮਿਲੇਗੀ। ਹਾਲਾਂਕਿ, ਜਿਹੜੀਆਂ ਪੰਜ ਟੀਮਾਂ ਬਚੀਆਂ ਹਨ ਉਨ੍ਹਾਂ ਨੂੰ ਵਿਸ਼ਵ ਕੱਪ ਵਿੱਚ ਐਂਟਰੀ ਦਾ ਇੱਕ ਹੋਰ ਮੌਕਾ ਮਿਲੇਗਾ। ਇਨ੍ਹਾਂ ਪੰਜ ਟੀਮਾਂ ਦੀ ਟੱਕਰ 2023 ਵਿਸ਼ਵ ਕੱਪ ਕੁਆਲੀਫਾਇਰ ਵਿੱਚ ਪੰਜ ਸਹਿਯੋਗੀ ਟੀਮਾਂ ਨਾਲ ਹੋਵੇਗੀ। ਪਰ ਅੰਤ ਵਿੱਚ 10 ਵਿੱਚੋਂ ਦੋ ਟੀਮਾਂ ਨੂੰ ਹੀ ਵਿਸ਼ਵ ਕੱਪ ਵਿੱਚ ਖੇਡਣ ਦਾ ਮੌਕਾ ਮਿਲੇਗਾ ।
ਦੱਸ ਦੇਈਏ ਕਿ ਹਰ ਟੀਮ ਨੂੰ ਵਿਸ਼ਵ ਕੱਪ ਸੁਪਰ ਲੀਗ ਵਿੱਚ 8 ਸੀਰੀਜ਼ ਖੇਡਣੀਆਂ ਪੈਣਗੀਆਂ। 8 ਦੀਆਂ ਚਾਰ ਸੀਰੀਜ਼ ਦੇਸ਼ ਵਿੱਚ ਹੋਣਗੀਆਂ, ਜਦੋਂਕਿ ਚਾਰ ਵਿਦੇਸ਼ਾਂ ਵਿੱਚ ਹੋਣਗੀਆਂ। ਮੈਚ ਜਿੱਤਣ ਤੋਂ ਬਾਅਦ ਟੀਮ ਨੂੰ 10 ਅੰਕ ਮਿਲਣਗੇ । ਜੇ ਮੈਚ ਟਾਈ ਹੈ ਜਾਂ ਕਿਸੇ ਕਾਰਨ ਕਰਕੇ ਮੈਚ ਦਾ ਨਤੀਜਾ ਨਹੀਂ ਆਉਂਦਾ ਹੈ, ਤਾਂ 5-5 ਅੰਕਾਂ ਨੂੰ ਦੋਵਾਂ ਟੀਮਾਂ ਵਿੱਚ ਵੰਡਿਆ ਜਾਵੇਗਾ।