Twenty Six corona cases : ਕੋਰੋਨਾ ਦੇ ਕਹਿਰ ਦੌਰਾਨ ਅੱਜ ਹੁਸ਼ਿਆਰਪੁਰ ਜ਼ਿਲੇ ਤੋਂ ਇਕ ਮੌਤ ਹੋ ਗਈ ਜਦਕਿ 5 ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਤਪਾ ਮੰਡੀ ਤੋਂ ਤਿੰਨ ਅਤੇ ਫਾਜ਼ਿਲਕਾ ਤੋਂ 18 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਜ਼ਿਲੇ ਵਿਚ ਕੋਰੋਨਾ ਨਾਲ ਇਕ 95 ਸਾਲਾ ਬਜ਼ੁਰਗ ਔਰਤ ਨੇ ਦਮ ਤੋੜ ਦਿੱਤਾ, ਇਸ ਦੇ ਨਾਲ ਹੀ 5 ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 551 ਹੋ ਗਈ ਹੈ, ਜਦਕਿ ਇਸ ਨਾਲ ਹੁਣ ਤੱਕ 17 ਮੌਤਾਂ ਹੋ ਚੁੱਕੀਆਂ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਮੁਹੱਲਾ ਕ੍ਰਿਸ਼ਨਾ ਨਗਰ ਅਤੇ ਲਾਲੀ ਕਾਲੋਨੀ ਵਿਚੋਂ ਇਕੋ-ਇਕ, ਖੜਕਾਂ ਕੈਂਪ ਵਿਚ ਦੋ, ਭੂੰਗਾ ਅਤੇ ਬੁੱਢਾਬੜ ਵਿਚ 1-1 ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਤਪਾ ਮੰਡੀ ਵਿਚ ਡੀਐਸਪੀ ਸਣੇ ਤਿੰਨ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ ਵਿਚ ਇਕ ਸਹਾਇਕ ਥਾਣੇਦਾਰ ਵੀ ਸ਼ਾਮਲ ਹੈ, ਜਿਸ ਨਾਲ ਪੁਲਿਸ ਪ੍ਰਸ਼ਾਸਨ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਜਸਵੀਰ ਸਿੰਘ ਔਲਖ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਡੀਐਸਪੀ ਤੇ ਸਹਾਇਕ ਥਾਣੇਦਾਰ ਨੇ ਦੋ ਦਿਨ ਪਹਿਲਾਂ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ, ਇਸ ਤੋਂ ਇਲਾਵਾ ਸ਼ਹਿਰ ਵਿਚ ਰੈਡੀਮੇਡ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਦੀ ਵੀ ਕੋਰੋਨਾ ਰਿਪੋਰਟ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਉਧਰ ਫਾਜ਼ਿਲਕਾ ਜ਼ਿਲੇ ’ਚੋਂ ਕੋਰੋਨਾ ਦੇ 18 ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਨ੍ਹਾਂ ਵਿਚੋਂ 6 ਮਾਮਲੇ ਜਲਾਲਾਬਾਦ ਤੋਂ ਹਨ, ਜਦਕਿ ਫਾਜ਼ਿਲਕਾ ਦੇ ਸ਼ਹਿਰ ਤੇ ਪਿੰਡਾਂ ਤੋਂ 8 ਲੋਕਾੰ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਅਬੋਹਰ ਤੋਂ ਤਿੰਨ ਜਦਕਿ ਸਬ-ਡਵੀਜ਼ਨ ਗੁਰੂਹਰਸਹਾਏ ਦੇ ਪਿੰਡ ਮੂਮਜੋਈਆ ਨਾਲ ਤੋਂ ਵੀ ਇਕ ਮਾਮਲਾ ਸਾਹਮਣੇ ਆਇਆ ਹੈ।