powercam withholds cowcess ludhiana: ਹੁਣ ਤੱਕ ਪੰਜਾਬ ਦੀ ਜਨਤਾ ਤੋਂ ‘ਕਾਓ ਸੈੱਸ‘ ਦੇ ਨਾਂ ‘ਤੇ ਕਰੋੜਾਂ ਰੁਪਏ ਵਸੂਲੇ ਗਏ ਪਰ ਸੂਬੇ ‘ਚ ਗਾਵਾਂ ਅਜੇ ਵੀ ਸੜਕਾਂ ਤੇ ਦਰਦਨਾਕ ਜ਼ਿੰਦਗੀ ਜੀਉਣ ਲਈ ਮਜ਼ਬੂਰ ਹਨ। ਦੱਸ ਦੇਈਏ ਕਿ ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਸਰਕਾਰ ਨੇ ਕਾਓ ਸੈੱਸ ਲਾਏ ਜਾਣ ਦੀ ਗੱਲ ਕਹੀ ਸੀ ਪਰ ਜਦੋਂ ਸਰਕਾਰ ਦੇ ਪੁਖਤਾ ਪ੍ਰਬੰਧਾਂ ਦੀ ਗਰਾਊਡ ਰਿਪੋਰਟ ਦੇਖੀਏ ਤਾਂ ਸਚਾਈ ਜ਼ੀਰੋਂ ਦੇਖਣ ਨੂੰ ਮਿਲ ਰਹੀ ਹੈ। ਇਸ ਸਬੰਧੀ ਲੁਧਿਆਣਾ ਦੇ ਮਸ਼ਹੂਰ ਆਰ.ਟੀ.ਆਈ ਐਕਟੀਵਿਸਟ ਰੋਹਿਤ ਸੱਭਰਵਾਲ ਹੈਰਾਨੀਜਨਕ ਖੁਲਾਸਾ ਕੀਤਾ ਹੈ। ਦਰਅਸਲ ਕਾਓ ਸੈੱਸ ਨੂੰ ਇਕੱਠੇ ਕਰਨ ਦੀ ਜ਼ਿੰਮਵਾਰੀ ਪਾਵਰਕਾਮ ਨੂੰ ਦਿੱਤੀ ਗਈ ਸੀ ਪਰ ਹਰ ਸਾਲ ਬਿਜਲੀ ਬਿਲ ਦੇ ਨਾਲ ਆਮ ਲੋਕ ਕਾਓ ਸੈੱਸ ਵੀ ਅਦਾ ਕਰ ਰਹੇ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਪਾਵਰਕਾਮ ਕਾਓ ਸੈੱਸ ਦੇ ਨਾਂ ‘ਤੇ ਹਰ ਸਾਲ ਕਰੋੜਾਂ ਰੁਪਏ ਇੱਕਠੇ ਕਰ ਰਿਹਾ ਹੈ ਪਰ ਇਹ ਅੱਗੇ ਨਗਰ ਨਿਗਮ ਨੂੰ ਨਹੀਂ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਖੁਲਾਸਾ ਆਰ.ਟੀ.ਆਈ ਤਹਿਤ ਮੰਗੀ ਗਈ ਜਾਣਕਾਰੀ ਦੇ ਤਹਿਤ ਹੋਇਆ ਹੈ।
ਮਿਲੀ ਜਾਣਕਾਰੀ ਤਹਿਤ ਸਾਲ 2016-17 ‘ਚ ਪਾਵਰਕਾਮ ਨੇ ਸੂਬਾ ਭਰ ਤੋਂ 2,50,37,902 ਰੁਪਏ ਇਕੱਠੇ ਕੀਤੇ ਸੀ। ਇਸ ‘ਚ 2,16,63,476 ਰੁਪਏ ਨਗਰ ਨਿਗਮ ਵਿਭਾਗ ਨੂੰ ਜਾਰੀ ਕੀਤੇ ਗਏ ਜਦਕਿ 3374426 ਰੁਪਏ ਕਿਸੇ ਨੂੰ ਵੀ ਜਾਰੀ ਨਹੀਂ ਕੀਤੇ ਗਏ। ਇਸ ਤਰ੍ਹਾਂ ਸਾਲ 2017-18 ਦੌਰਾਨ 2,18,68,579 ਰੁਪਏ ਇਕੱਠੇ ਕੀਤੇ ਗਏ 14486662 ਜਾਰੀ ਕੀਤੇ ਗਏ। ਸਾਲ 2018-19 ‘ਚ 70245454 ਰੁਪਏ ਇਕੱਠੇ ਕੀਤੇ ਗਏ ਜਦਕਿ 13681917 ਜਾਰੀ ਕੀਤੇ ਗਏ। ਸਾਲ 2019-20 ਦੌਰਾਨ 70056137 ਰੁਪਏ ਕਾਓ ਸੈੱਸ ਦੇ ਇੱਕਠੇ ਕੀਤੇ ਗਏ, ਇਸ ‘ਚ ਸਿਰਫ 8334857 ਰੁਪਏ ਅੱਗੇ ਜਾਰੀ ਕੀਤੇ ਗਏ। ਸਾਲ 2020-21 ਦੇ ਅਪ੍ਰੈਲ ਮਹੀਨੇ ਤੱਕ ਪਾਵਰਕਾਮ 12931270 ਰੁਪਏ ਕਾਓ ਸੈੱਸ ਦੇ ਨਾਂ ‘ਤੇ ਇਕੱਠੇ ਕਰ ਚੁੱਕਿਆ ਹੈ, ਇਸ ‘ਚ 3662044 ਰੁਪਏ ਹੀ ਜਾਰੀ ਕੀਤੇ ਗਏ ਬਾਕੀ 9269226 ਰੁਪਏ ਪਾਵਰਕਾਮ ਦੇ ਕੋਲ ਪਏ ਹਨ।
ਦੂਜੇ ਪਾਸੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਆਏ ਦਿਨ ਸੜਕ ‘ਤੇ ਅਵਾਰਾ ਪਸ਼ੂਆਂ ਕਾਰਨ ਹਾਦਸੇ ਵਾਪਰਦੇ ਹਨ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਸਿਰਫ ਟੈਕਸ ਇਕੱਠੇ ਕੀਤੇ ਜਾ ਰਹੇ ਹਨ।