Central Jail inmates mobiles: ਲੁਧਿਆਣਾ ਦੀ ਕੇਂਦਰੀ ਜੇਲ ‘ਚੋਂ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ, ਜਿਸ ਕਾਰਨ ਪ੍ਰਸ਼ਾਸਨ ਇਕ ਵਾਰ ਫਿਰ ਸਵਾਲਾਂ ਦੇ ਘੇਰੇ ‘ਚ ਫਸ ਗਿਆ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਹੁਣ ਪੁਲਿਸ ਨੂੰ ਜੇਲ ‘ਚੋਂ ਤਲਾਸ਼ੀ ਦੌਰਾਨ ਕੈਦੀਆਂ ਤੋਂ 8 ਮੋਬਾਇਲ ਫੋਨ ਅਤੇ ਤੰਬਾਕੂ ਦੀਆਂ ਪੁੜੀਆਂ ਬਰਾਮਦ ਕੀਤੀਆਂ ਗਈਆਂ। ਇਸ ਸਬੰਧੀ ਜਾਂਚ ਅਧਿਕਾਰੀ ਰਾਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਜੇਲ ਤੋਂ ਸੂਚਨਾ ਮਿਲੀ ਸੀ ਕਿ ਹਵਾਲਾਤੀ ਜੋ ਕਿ ਨਸ਼ਾ ਤਸਕਰੀ ਅਤੇ ਚੋਰੀ ਦੇ ਮਾਮਲਿਆਂ ‘ਚੋਂ ਬੰਦ ਹਨ, ਉਨ੍ਹਾਂ ਦੀ ਬੈਰਕ ਦੀ ਤਲਾਸ਼ੀ ਦੌਰਾਨ 8 ਮੋਬਾਇਲ ਫੋਨ ਮਿਲੇ ਹਨ। ਦੱਸ ਦੇਈਏ ਕਿ ਦੋਸ਼ੀਆਂ ਨੇ ਕੁਝ ਸਮਾਨ ਛਿਪਾ ਕੇ ਰੱਖਿਆ ਹੋਇਆ ਸੀ ਅਤੇ ਕੁਝ ਮਿੱਟੀ ‘ਚ ਦਬਾਇਆ ਹੋਇਆ ਸੀ। ਪੁਲਿਸ ਨੂੰ ਜਦੋਂ ਮੋਬਾਇਲ ਮਿਲੇ ਤਾਂ ਉਸ ‘ਚੋਂ ਸਿਰਫ ਇਕ ਮੋਬਾਇਲ ਅਜਿਹਾ ਸੀ, ਜਿਸ ‘ਚ ਸਿਮ ਸੀ ਅਤੇ ਬਾਕੀ ਦੇ 7 ਮੋਬਾਇਲ ਬਿਨਾ ਸਿਮ ਦੇ ਸੀ।
ਜ਼ਿਕਰਯੋਗ ਹੈ ਕਿ ਲੁਧਿਆਣਾ ਦੀ ਕੇਂਦਰੀ ਜੇਲ ‘ਚ ਪਿਛਲੇ 6 ਮਹੀਨਿਆਂ ਦੌਰਾਨ ਪੁਲਿਸ ਨੇ 162 ਮੋਬਾਇਲ ਫੋਨ ਬਰਾਮਦ ਕੀਤੇ, ਜਿਸ ਤੋਂ ਬਾਅਦ 2 ਦਿਨ ਪਹਿਲਾਂ 4 ਮੋਬਾਇਲ ਮਿਲੇ ਅਤੇ ਹੁਣ 8 ਮੋਬਾਇਲ ਫੋਨ ਬਰਾਮਦ ਕੀਤੇ ਗਏ।