ludhiana miscreants attack police: ਇਕ ਪਾਸੇ ਤਾਂ ਆਮ ਨਾਗਰਿਕਾਂ ਦੀ ਰਾਖੀ ਲਈ ਪ੍ਰਸ਼ਾਸਨ ਵੱਲੋਂ ਹਿੱਕ ਠੋਕਵਾ ਦਾਅਵਾ ਕੀਤਾ ਜਾਂਦਾ ਹੈ ਪਰ ਸਵਾਲੀਆਂ ਨਿਸ਼ਾਨ ਉਦੋ ਖੜ੍ਹਾ ਹੋ ਗਿਆ, ਜਦੋਂ ਬਦਮਾਸ਼ ਨੇ ਗੁੰਡਾਗਰਦੀ ਕਰਦਿਆਂ ਪੁਲਿਸ ਮੁਲਾਜ਼ਮ ਨੂੰ ਜ਼ਖਮੀ ਕਰ ਦਿੱਤਾ। ਦਰਅਸਲ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਛਾਉਣੀ ਮੁਹੱਲੇ ‘ਚ ਮਲਬਾ ਚੁੱਕਣ ਨੂੰ ਲੈ ਕੇ ਬਦਮਾਸ਼ਾਂ ਦਾ ਆਪਸੀ ਵਿਵਾਦ ਹੋ ਗਿਆ। ਵਿਵਾਦ ਨੂੰ ਰੋਕਣ ਲਈ ਜਦੋਂ ਸਾਬਕਾ ਐੱਸ.ਐੱਚ.ਓ ਬਿਟਨ ਕੁਮਾਰ ਉੱਥੇ ਪਹੁੰਚੇ ਤਾਂ ਬੇਖੌਫ ਬਦਮਾਸ਼ਾਂ ਨੇ ਹਥਿਆਰਾਂ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਐੱਸ.ਐੱਚ.ਓ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ‘ਤੇ ਸੀ.ਐੱਮ.ਸੀ ਹਸਪਤਾਲ ਪਹੁੰਚਾਇਆ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਦੇ ਸਿਰ ‘ਚ 12 ਟਾਂਕੇ ਲਾਏ ਗਏ ਹਨ।
ਦਰਅਸਲ ਇਹ ਘਟਨਾ ਬੀਤੇ ਦਿਨ ਮੰਗਲਵਾਰ ਸ਼ਾਮ ਨੂੰ ਉਸ ਸਮੇਂ ਵਾਪਰੀ, ਜਦੋਂ ਐੱਸ.ਐੱਚ.ਓ ਬਿਟਨ ਕੁਮਾਰ ਦੇ ਘਰ ਨੇੜੇ ਉਸਾਰੀ ਦਾ ਕੰਮ ਚੱਲ ਰਿਹਾ ਸੀ ਅਤੇ ਜੇ.ਸੀ.ਬੀ ਨਾਲ ਕੰਮ ਕੀਤਾ ਜਾ ਰਿਹਾ ਸੀ। ਉਸ ਸਮੇਂ ਮੁਹੱਲਾਵਾਸੀਆਂ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਪਰ ਇਸ ਗੱਲ ਨੂੰ ਲੈ ਕੇ ਦੋ ਧਿਰਾਂ ‘ਚ ਬਹਿਸ ਹੋ ਗਏ ਸੀ, ਜਿਸ ਨੂੰ ਰੋਕਣ ਲਈ ਸਾਬਕਾ ਐੱਸ.ਐੱਚ.ਓ ਪਹੁੰਚੇ ਪਰ ਬਦਮਾਸ਼ਾਂ ਨੇ ਐੱਸ.ਐੱਚ.ਓ ‘ਤੇ ਹੀ ਹਥਿਆਰ ਚੁੱਕ ਕੇ ਜ਼ਖਮੀ ਕਰ ਦਿੱਤਾ। ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ 9 ਅਣਪਛਾਤੇ ਬਦਮਾਸ਼ਾਂ ‘ਤੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਜਾਂਚ ਜਾਰੀ ਹੈ। ਇਸ ਮਾਮਲੇ ‘ਚ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਪੁਲਿਸ ਲਾਈਨ ‘ਚ ਤਾਇਨਾਤ ਇੰਸਪੈਕਟਰ ਬਿਟਨ ਕੁਮਾਰ ਲੁਧਿਆਣਾ ਦੇ ਪ੍ਰਮੁੱਖ ਥਾਣਿਆਂ ‘ਚ ਬਤੌਰ ਐੱਸ.ਐੱਚ.ਓ ਸੇਵਾਵਾਂ ਦੇ ਚੁੱਕੇ ਹਨ ਅਤੇ ਇਨ੍ਹਾਂ ਦਿਨ੍ਹਾਂ ਦੌਰਾਨ ਪੁਲਿਸ ਲਾਈਨ ‘ਚ ਡਿਊਟੀ ਕਰ ਰਹੇ ਹਨ।