New micro containment zone: ਲੁਧਿਆਣਾ ‘ਚ ਕੋਰੋਨਾ ਦੇ ਹਰ ਰੋਜ਼ 200 ਤੋਂ ਵੱਧ ਮਾਮਲੇ ਸਾਹਮਣੇ ਆਉਣ ਕਾਰਨ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ, ਜਿਸ ਕਾਰਨ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਚਿੰਤਾ ਹੋਰ ਵੱਧ ਗਈ ਹੈ। ਸ਼ਹਿਰ ‘ਚ ਕੋਰੋਨਾ ਦੇ ਵੱਧਦੇ ਖਤਰੇ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ 4 ਹੋਰ ਇਲਾਕਿਆਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਪੱਖੋਵਾਲ ਰੋਡ ਸਥਿਤ ਸੈਂਟਰਾ ਗ੍ਰੀਨ, ਹੈਬੋਵਾਲ ਕਲਾ ਸਥਿਤ ਦੁਰਗਾਪੁਰੀ, ਗਿੱਲ ਚੌਂਕ ਦੇ ਨੇੜੇ ਸਥਿਤ ਦਸਮੇਸ਼ ਨਗਰ ਅਤੇ ਨਿਊ ਮੋਤੀ ਨਗਰ ਆਦਿ ਇਲਾਕਿਆਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨਿਊ ਮਾਡਲ ਟਾਊਨ ਖੰਨਾ, ਜੀਵਨ ਨਗਰ, ਗੁਰਦਿਆਲ ਇਨਕਲੇਵ ਜਮਾਲਪੁਰ, ਉਤਮ ਨਗਰ ਵਰਧਮਾਨ ਕਾਲੋਨੀ, ਮਾਡਲ ਟਾਊਨ ਐਕਸਟੇਂਸ਼ਨ ਅਤੇ ਮੁੰਡੀਆ ਕਲਾ ਨੂੰ ਵੀ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨ ਕੀਤਾ ਜਾ ਚੁੱਕਿਆ ਹੈ। ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਜੂਨ ਮਹੀਨੇ ਦੌਰਾਨ ਪ੍ਰੇਮ ਨਗਰ ‘ਚੋਂ 90 ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੰਟੇਨਮੈਂਟ ਜ਼ੋਨ ‘ਚ ਸ਼ਾਮਲ ਕੀਤਾ ਗਿਆ ਸੀ ਪਰ 23 ਦਿਨਾਂ ਬਾਅਦ ਕੋਰੋਨਾ ਦਾ ਕੋਈ ਮਾਮਲਾ ਨਾ ਸਾਹਮਣੇ ਆਉਣ ਤੋਂ ਬਾਅਦ ਕੰਟੇਨਮੈਂਟ ਲਿਸਟ ‘ਚੋਂ ਬਾਹਰ ਕੱਢ ਦਿੱਤਾ ਗਿਆ ਸੀ।
ਦੱਸ ਦੇਈਏ ਕਿ ਮਹਾਨਗਰ ‘ਚ ਬੀਤੇ ਦਿਨ ਭਾਵ ਵੀਰਵਾਰ ਨੂੰ ਜ਼ਿਲ੍ਹੇ ‘ਚੋਂ 226 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ‘ਚ 209 ਲੁਧਿਆਣਾ ਦੇ ਅਤੇ ਬਾਕੀ 17 ਹੋਰ ਜ਼ਿਲ੍ਹਿਆਂ ਤੋਂ ਹਨ। ਇਸ ਦੇ ਨਾਲ ਹੀ ਵੀਰਵਾਰ ਨੂੰ 11 ਮਰੀਜ਼ਾਂ ਨੇ ਦਮ ਤੋੜਿਆ ਹੈ, ਜਿਸ ‘ਚ 9 ਲੁਧਿਆਣਾ ਦੇ ਹਨ ਅਤੇ ਬਾਕੀ 2 ਹੋਰ ਜ਼ਿਲ੍ਹਿਆ ਦੇ ਹਨ। ਮਹਾਨਗਰ ‘ਚ ਹੁਣ ਤੱਕ 4385 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 138 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ‘ਚ ਹੁਣ 1461 ਸਰਗਰਮ ਮਾਮਲੇ ਹਨ। ਇਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਤੋਂ ਸਥਾਨਿਕ ਹਸਪਤਾਲਾਂ ‘ਚ ਭਰਤੀ ਹੋਣ ਵਾਲੇ ਮਰੀਜ਼ਾਂ ‘ਚੋਂ 542 ਦੀ ਰਿਪੋਰਟ ਪਾਜ਼ੀਟਿਵ ਆ ਚੁੱਕੀ ਹੈ ਜਦਕਿ 43 ਮਰੀਜ਼ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ।