dc office workers strike: ਲੁਧਿਆਣਾ ਦੇ ਡੀ.ਸੀ. ਦਫਤਰ ਦੇ ਕਰਮਚਾਰੀ ਯੂਨੀਅਨ ਨੇ ‘ਕਲਮ ਛੋੜ’ ਹੜਤਾਲ ਅੱਜ ਵੀ ਜਾਰੀ ਹੈ। ਦਰਅਸਲ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਮੋਬਾਇਲ ਭੱਤਿਆਂ ਸਮੇਤ ਹੋਰ ਭੱਤਿਆਂ ‘ਚ ਕਟੌਤੀਆਂ ਦੇ ਫੈਸਲਿਆਂ ਖਿਲਾਫ ਮੁਲਾਜ਼ਮਾਂ ‘ਚ ਭਾਰੀ ਗੁੱਸਾ ਦੇਖਿਆ ਗਿਆ ਹੈ। ਸਰਕਾਰ ਦੇ ਇਸ ਫੈਸਲੇ ਖਿਲਾਫ ਡੀ.ਸੀ ਦਫਤਰ ਮੁਲਾਜ਼ਮ ਯੂਨੀਅਨ ਨੇ ਵੀਰਵਾਰ ਨੂੰ ਸੰਘਰਸ਼ ਖੋਲ ਦਿੱਤਾ। ਸਾਰੇ ਮੁਲਾਜ਼ਮ ਕਲਮ ਛੋੜੋ ਹੜਤਾਲ ‘ਤੇ ਚੱਲ ਰਹੇ ਹਨ। ਇਸ ਦੇ ਨਾਲ 15 ਅਗਸਤ ਨੂੰ ਆਜ਼ਾਦੀ ਦਿਵਸ ਦੇ ਮੌਕੇ ‘ਤੇ ਸਾਰੇ ਮੁਲਾਜ਼ਮ ਆਪਣੇ ਹੀ ਘਰਾਂ ਦੇ ਬਾਹਰ ਕਾਲੇ ਝੰਡੇ ਲਗਾ ‘ਗੁਲਾਮੀ ਦਿਵਸ’ ਮਨਾਉਣਗੇ।
ਇਸ ਸਬੰਧੀ ਡੀ.ਸੀ ਆਫਿਸ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਜੁਨੇਜਾ ਨੇ ਦੱਸਿਆ ਹੈ ਕਿ ਉਹ ਬੀਤੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਕਰਦੇ ਆ ਰਹੇ ਹਨ। ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਗੱਲ ਕੀਤੀ ਸੀ। ਹੁਣ ਸਰਕਾਰ ਨੇ ਮੁਲਾਜ਼ਮਾਂ ਦੇ ਭੱਤਿਆਂ ‘ਚ ਕਟੌਤੀ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਨੇ 15 ਅਗਸਤ ਤੋਂ ਬਾਅਦ ਵੀ ਉਨ੍ਹਾਂ ਦੀਆਂ ਮੰਗਾਂ ‘ਤੇ ਗੌਰ ਨਾ ਕੀਤਾ ਤਾਂ ਉਹ 16 ਅਗਸਤ ਤੋਂ ਬਾਅਦ ਪੰਜਾਬ ਸਰਕਾਰ ਦੇ ਜਿੰਨੇ ਵੀ ਦਫਤਰ ਹਨ, ਉਨ੍ਹਾਂ ਦੀ ਤਾਲਾਬੰਦੀ ਕਰ ਸਰਕਾਰ ਖਿਲਾਫ ਸੰਘਰਸ਼ ਕਰਨਗੇ।