Air India Plane Crash: ਕੇਰਲਾ ਦੇ ਕੋਝਿਕੋਡ ਵਿੱਚ ਮਿਸ਼ਨ ਵੰਦੇ ਭਾਰਤ ਦੇ ਤਹਿਤ ਦੁਬਈ ਵਿੱਚ ਫਸੇ ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਸ਼ੁੱਕਰਵਾਰ ਨੂੰ ਹਾਦਸਾਗ੍ਰਸਤ ਹੋ ਗਿਆ । ਜਹਾਜ਼ ਵਿੱਚ 184 ਯਾਤਰੀਆਂ ਸਣੇ ਕੁੱਲ 190 ਲੋਕ ਸਵਾਰ ਸਨ । ਇਸ ਹਾਦਸੇ ਵਿੱਚ ਜਹਾਜ਼ ਦੇ ਦੋਵਾਂ ਪਾਇਲਟਾਂ ਸਣੇ 18 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ ਬਹੁਤ ਸਾਰੇ ਯਾਤਰੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਅਮਰੀਕਾ, ਪਾਕਿਸਤਾਨ ਅਤੇ ਚੀਨ ਨੇ ਇਸ ਹਾਦਸੇ ‘ਤੇ ਦੁੱਖ ਜ਼ਾਹਿਰ ਕੀਤਾ ਹੈ।
ਦੁਬਈ ਸਥਿਤ ਭਾਰਤੀ ਦੂਤਘਰ ਸ਼ਨੀਵਾਰ ਨੂੰ ਯਾਤਰੀਆਂ ਬਾਰੇ ਕਿਸੇ ਕਿਸਮ ਦੀ ਜਾਣਕਾਰੀ ਜਾਂ ਸਹਾਇਤਾ ਲਈ ਖੁੱਲਾ ਰਹੇਗਾ । ਇਹ ਜਾਣਕਾਰੀ ਦੁਬਈ ਸਥਿਤ ਭਾਰਤੀ ਦੂਤਾਵਾਸ ਤੋਂ ਟਵੀਟ ਕਰਕੇ ਦਿੱਤੀ ਗਈ ਹੈ । ਭਾਰਤੀ ਦੂਤਘਰ ਵੱਲੋਂ ਇਹ ਕਿਹਾ ਗਿਆ ਹੈ ਕਿ ਕੇਰਲਾ ਦੀ ਯਾਤਰਾ ਕਰਨ ਦੇ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਸਹਾਇਤਾ ਦੀ ਲਈ ਜਾਂ ਜਹਾਜ਼ ਦੇ ਹਾਦਸੇ ਸਬੰਧੀ ਕਿਸੇ ਵੀ ਜਾਣਕਾਰੀ ਲਈ ਸ਼ਨੀਵਾਰ ਸਵੇਰੇ 8.00 ਵਜੇ ਤੋਂ 8.00 ਵਜੇ ਤੱਕ ਖੁੱਲ੍ਹਾ ਰਹੇਗਾ।
ਭਾਰਤੀ ਦੂਤਾਵਾਸ ਨੇ ਕਿਹਾ ਹੈ ਕਿ ਅਸੀਂ ਉਨ੍ਹਾਂ ਸਾਰੇ ਲੋਕਾਂ ਦੇ ਪਰਿਵਾਰਾਂ ਦੇ ਨਾਲ ਹਾਂ ਜਿਨ੍ਹਾਂ ਨੇ ਆਪਣੀ ਜਾਨ ਗੁਆਈ ਅਤੇ ਹਾਦਸੇ ਵਿੱਚ ਜ਼ਖਮੀ ਹੋ ਗਏ । ਅਮਰੀਕਾ, ਪਾਕਿਸਤਾਨ ਅਤੇ ਚੀਨ ਨੇ ਵੀ ਜਹਾਜ਼ ਦੇ ਹਾਦਸੇ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਇਸ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਦਾ ਸੋਗ ਪ੍ਰਗਟ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਵੀ ਜ਼ਖਮੀਆਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ। ਭਾਰਤ ਵਿੱਚ ਅਮਰੀਕੀ ਰਾਜਦੂਤ ਕੇਨ ਜਸਟਰ ਨੇ ਵੀ ਟਵੀਟ ਕਰਕੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਏਅਰ ਇੰਡੀਆ ਦੇ ਜਹਾਜ਼ ਦੇ ਹਾਦਸੇ ਬਾਰੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਇਮਰਾਨ ਖਾਨ ਨੇ ਟਵੀਟ ਕਰ ਕਿਹਾ ਕਿ ਉਹ ਭਾਰਤ ਦੇ ਕੇਰਲਾ ਰਾਜ ਵਿੱਚ ਜਹਾਜ਼ ਹਾਦਸੇ ਵਿੱਚ ਕਈਆਂ ਦੇ ਮਾਰੇ ਜਾਣ ਦੀ ਖ਼ਬਰ ਤੋਂ ਬਹੁਤ ਦੁੱਖ ਹੋਇਆ। ਅੱਲ੍ਹਾ ਇਸ ਮੁਸ਼ਕਲ ਸਮੇਂ ਵਿੱਚ ਮ੍ਰਿਤਕਾਂ ਦੇ ਪਰਿਵਾਰ ਨੂੰ ਬਲ ਬਖਸ਼ਣ।
ਭਾਰਤ ਵਿੱਚ ਚੀਨੀ ਰਾਜਦੂਤ ਸੁਨ ਵੇਦੋਂਗ ਨੇ ਵੀ ਟਵੀਟ ਕਰ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ ਹੈ ਕਿ ਕੇਰਲਾ ਵਿੱਚ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋਣ ਦੀ ਖ਼ਬਰ ਦਾ ਸਦਮਾ ਲੱਗਿਆ ਹੈ । ਸਾਡੇ ਵਿਚਾਰ ਪੀੜਤ ਪਰਿਵਾਰਾਂ ਨਾਲ ਹਨ। ਮੈਂ ਜ਼ਖਮੀਆਂ ਦੀ ਜਲਦੀ ਤੰਦਰੁਸਤੀ ਚਾਹੁੰਦਾ ਹਾਂ।