checking of shops on highway: ਐਸ ਏ ਐਸ ਨਗਰ, 8 ਅਗਸਤ: ਟੈਂਕਰਾਂ ਤੋਂ ਈ.ਐਨ.ਏ./ਸਪੀਰਿਟ ਦੀ ਚੋਰੀ ਨਾਲ ਸਬੰਧਤ ਗੈਰਕਾਨੂੰਨੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ, ਮੁਹਾਲੀ ਆਬਕਾਰੀ ਟੀਮ ਨੇ ਅਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਮੁਹਿੰਮ ਆਰੰਭੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ। ਆਬਕਾਰੀ ਅਤੇ ਪੁਲਿਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਸ਼ੱਕੀ ਥਾਵਾਂ ‘ਤੇ ਅਚਨਚੇਤ ਚੈਕਿੰਗ ਕਰ ਰਹੀਆਂ ਹਨ। ਖਾਸ ਤੌਰ ‘ਤੇ ਬਨੂੜ, ਜ਼ੀਰਕਪੁਰ ਅਤੇ ਡੇਰਾਬਸੀ ਦੇ ਇਲਾਕਿਆਂ ਵਿੱਚ ਢਾਬਿਆਂ ਦੀ ਚੈਕਿੰਗ ਵਿੱਚ ਵਾਧਾ ਕੀਤਾ ਗਿਆ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਇਨ੍ਹਾਂ ਖੇਤਰਾਂ ਵਿੱਚ ਅਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ਅਕਸਰ ਹੀ ਵਾਪਰਨ ਦੀ ਖ਼ਬਰਾਂ ਸਾਹਮਣੇ ਆਈਆਂ ਹਨ। ਉਹਨਾਂ ਦੱਸਿਆ ਕਿ “ਮੁਹਾਲੀ ਦੀ ਇੱਕ ਵਿਲੱਖਣ ਸਥਿਤੀ ਹੈ ਕਿਉਂਕਿ ਇਹ ਚੰਡੀਗੜ੍ਹ ਅਤੇ ਹਰਿਆਣਾ ਨਾਲ ਲੱਗਦਾ ਹੈ। ਸ਼ਰਾਬ ਯੂਟੀ ਅਤੇ ਹਰਿਆਣਾ ਵਿਚ ਤੁਲਨਾਤਮਕ ਤੌਰ ‘ਤੇ ਮੋਹਾਲੀ ਨਾਲੋਂ ਸਸਤੀ ਹੈ। ਇਸ ਲਈ, ਜ਼ਿਲ੍ਹੇ ਵਿਚ ਨਾਜਾਇਜ਼ ਸ਼ਰਾਬ ਜਾਂ ਲਾਹਨ ਦਾ ਨਿਰਮਾਣ ਮੁੱਖ ਸਮੱਸਿਆ ਨਹੀਂ ਹੈ, ਬਲਕਿ ਨਜ਼ਾਇਜ ਸਪੀਰਿਟ ਦੀ ਚੋਰੀ ਅਤੇ ਸ਼ਰਾਬ ਬਣਾਉਣ ਲਈ ਮੁੱਢਲਾ ਕੱਚਾ ਮਾਲ ਇਕਸਟਰਾ ਨਿਊਟਰਲ ਅਲਕੋਹਲ (ਈਐਨਏ) ਦੀ ਤਸਕਰੀ ਇਕ ਅਵੈਧ ਕੰਮ ਹੈ ਜਿਸ ਨੂੰ ਰੋਕਣ ਦੀ ਜ਼ਰੂਰਤ ਹੈ।’
ਸ੍ਰੀ ਦਿਆਲਨ ਨੇ ਕਿਹਾ, “ਅਸੀਂ ਡਿਸਟਿਲਰੀ ਅਤੇ ਬੋਤਲਿੰਗ ਪਲਾਂਟਾਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਹੈ ਅਤੇ ਉਨ੍ਹਾਂ ਨੂੰ ਆਬਕਾਰੀ ਕਾਨੂੰਨਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ, ਇਸ ਦੀ ਪਾਲਣਾ ਨਾ ਕਰਨ ਵਾਲਿਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।” ਆਬਕਾਰੀ ਅਤੇ ਪੁਲਿਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਵਲੋਂ ਹਰੇਕ ਢਾਬੇ ਅਤੇ ਹੋਰ ਥਾਵਾਂ ਜਿਥੇ ਈਐਨਏ ਵੇਚੇ ਜਾ ਸਕਦੇ ਹਨ ਦੀ, ਨਿਯਮਤ ਤੌਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹਨਾਂ ਟੀਮਾਂ ਨੇ ਵੱਡੀ ਮਾਤਰਾ ਵਿਚ ਈ.ਐਨ.ਏ. ਬਰਾਮਦ ਅਤੇ ਪਿਛਲੇ ਦਿਨੀਂ ਕੁਝ ਪ੍ਰਮੁੱਖ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਐਕਸਾਈਜ਼ ਐਕਟ ਤਹਿਤ 117 ਮਾਮਲੇ ਦਰਜ ਕੀਤੇ ਗਏ ਹਨ ਅਤੇ ਸੱਤ ਮਹੀਨਿਆਂ ਵਿੱਚ 131 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ। ਪਿਛਲੇ 12 ਮਹੀਨਿਆਂ ਦੇ ਅੰਦਰ 72,700 ਲੀਟਰ ਦੀ ਗੈਰ ਕਾਨੂੰਨੀ ਸਪੀਰਿਟ / ਈਐਨਏ ਨੂੰ ਜ਼ਬਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮੁਹਾਲੀ ਆਬਕਾਰੀ ਵਿਭਾਗ ਨੇ ਜੁਲਾਈ ਵਿਚ ਪਿੰਡ ਦੇਵੀ ਨਗਰ, ਡੇਰਾਬਸੀ ਤੋਂ 5500 ਲੀਟਰ ਸਪੀਰਿਟ / ਈਐਨਏ ਜ਼ਬਤ ਕੀਤਾ ਸੀ। ਇਸ ਮਾਮਲੇ ਵਿੱਚ, ਰਾਜੇਸ਼ ਕੁਮਾਰ ਉਰਫ ਬੌਬੀ ਅਤੇ ਉਸਦੇ ਦੋ ਸਾਥੀਆਂ ਨੂੰ ਬਿਨਾਂ ਕਿਸੇ ਲਾਇਸੈਂਸ ਦੇ ਏ.ਐੱਨ.ਏ. / ਸਪੀਰਿਟ ਦੀ ਇੰਨੀ ਵੱਡੀ ਮਾਤਰਾ ਵਿੱਚ ਰੱਖਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਮਈ ਵਿੱਚ, ਜ਼ੀਰਾਕਪੁਰ ਵਿੱਚ ਇੱਕ ਨਾਮੀ ਸ਼ਰਾਬ ਤਸਕਰ ਫੜਿਆ ਗਿਆ ਸੀ ਅਤੇ ਖੜੇ ਦੋ ਟੈਂਕਰਾਂ ਤੋਂ 50,000 ਲੀਟਰ ਤੋਂ ਵੱਧ ਈਐਨਏ ਬਰਾਮਦ ਕੀਤਾ ਗਿਆ ਸੀ। ਜਦੋਂ ਟੀਮ ਨੇ ਉਨ੍ਹਾਂ ‘ਤੇ ਛਾਪਾ ਮਾਰਿਆ ਤਾਂ ਸਮੱਗਰੀ ਨੂੰ ਟੈਂਕਰਾਂ ਤੋਂ ਪਲਾਸਟਿਕ ਦੇ ਡਰਮਾਂ ਵਿੱਚ ਪਾਇਆ ਜਾ ਰਿਹਾ ਸੀ। ਇਸ ਸਬੰਧੀ ਕੁਮਾਰ ਵੈਸ਼ਨੂੰ ਢਾਬਾ ਤੋਂ ਲੀਡ ਮਿਲੀ ਸੀ ਅਤੇ ਗੁਰੂ ਨਾਨਕ ਧਰਮ ਕੰਡਾ, ਜ਼ੀਰਕਪੁਰ ਤੋਂ ਬਰਾਮਦਗੀ ਕੀਤੀ ਗਈ ਸੀ। ਇਸੇ ਤਰ੍ਹਾਂ ਅਪ੍ਰੈਲ ਵਿੱਚ ਅਪਨਾ ਢਾਬਾ ਤੋਂ ਈਐਨਏ (3000 ਲੀਟਰ) ਦੇ 15 ਡਰੱਮ ਜ਼ਬਤ ਕੀਤੇ ਗਏ ਸਨ। ਬਨੂੜ ਵਿਖੇ ਪਿਛਲੇ ਸਾਲ ਅਗਸਤ ਵਿਚ ਪਟਿਆਲਾ ਢਾਬਾ, ਗ੍ਰੀਨ ਵੈਸ਼ਨੂ ਢਾਬਾ ਅਤੇ ਝਿਲਮਿਲ ਢਾਬਾ ਤੋਂ ਲੀਡ ਦੇ ਨਾਲ ਈਐਨਏ ਦੇ 71 ਡਰੱਮ (14200 ਲਿਟਰ ਈਐਨਏ) ਜ਼ਬਤ ਕੀਤੇ ਗਏ ਸਨ। ਇਸ ਤੋਂ ਇਲਾਵਾ, ਮੁਹਾਲੀ ਆਬਕਾਰੀ ਅਤੇ ਪੁਲਿਸ ਦੁਆਰਾ ਜੁਲਾਈ ਵਿੱਚ ਡੇਰਾਬੱਸੀ ਤਹਿਸੀਲ ਦੇ ਪਿੰਡ ਖੇੜੀ ਵਿਖੇ ਇੱਕ ਘਰ ‘ਤੇ ਕੀਤੀ ਗਈ ਛਾਪੇਮਾਰੀ ਦੌਰਾਨ ਹਰਿਆਣਾ ਵਿੱਚ ਵਿਕਰੀ ਲਈ 119 ਸ਼ਰਾਬ ਦੀਆਂ ਬੋਤਲਾਂ, 95 ਖਾਲੀ ਪਲਾਸਟਿਕ ਦੀਆਂ ਬੋਤਲਾਂ, ਲਗਭਗ 31000 ਡੁਪਲਿਕੇਟ ਹੋਲੋਗ੍ਰਾਮ, ਰਾਇਲ ਸਟੈਗ ਦੀਆਂ 900 ਕੈਪਸ, ਪੀ.ਐੱਮ.ਐੱਲ. ਦੇ 800 ਕੈਪਸ ਅਤੇ ਚੱਢਾ ਸ਼ੂਗਰਜ਼ ਦੇ 415 ਲੇਬਲ, ਕਿਰੀ ਅਫਗਾਨਾ, ਇਕ ਪ੍ਰੈਸ਼ਰ ਪੰਪ ਮਿਲਿਆ ਅਤੇ ਐਫ.ਆਈ.ਆਰ. ਦਰਜ ਕੀਤੀ ਗਈ।