SPS Hospital nursing staff strike: ਲੁਧਿਆਣਾ ਦੇ ਸ਼ੇਰਪੁਰ ਚੌਂਕ ‘ਚ ਸਥਿਤ ਸਤਗੁਰੂ ਪ੍ਰਤਾਪ ਸਿੰਘ ਹਸਪਤਾਲ (ਐੱਸ.ਪੀ.ਐੱਸ) ਦੇ ਨਰਸਿੰਗ ਸਟਾਫ ਵੱਲੋਂ ਆਖਰਕਾਰ ਆਪਣਾ ਕੰਮ ਰੋਕ ਕੇ ਸੜਕਾਂ ‘ਤੇ ਉਤਰ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ, ਜਿਸ ਕਾਰਨ ਮਰੀਜ਼ਾਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ। ਮਿਲੀ ਜਾਣਕਾਰੀ ਮੁਤਾਬਕ ਨਰਸਿੰਗ ਸਟਾਫ ਨੇ ਦੱਸਿਆ ਹੈ ਕਿ ਉਨ੍ਹਾਂ ਤੋਂ ਲਗਾਤਾਰ ਕੰਮ ਲਿਆ ਜਾ ਰਿਹਾ ਹੈ ਪਰ ਨਾ ਤਾਂ ਉਨ੍ਹਾਂ ਨੂੰ ਛੁੱਟੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਸਮੇਂ ਸਿਰ ਤਨਖਾਹ ਮਿਲ ਰਹੀ ਹੈ। ਉਨ੍ਹਾਂ ਤੋਂ ਕੋਵਿਡ ਆਈ.ਸੀ.ਯੂ ‘ਚ 20 ਘੰਟੇ ਲਗਾਤਾਰ ਡਿਊਟੀ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਪੀ.ਪੀ.ਈ ਕਿੱਟ ਪਹਿਨ ਕੇ ਕੰਮ ਕਰਨਾ ਮੁਸ਼ਕਿਲ ਹੋ ਰਿਹਾ ਹੈ। ਇਸ ਤੋਂ ਇਲਾਵਾ ਲਗਭਗ 400 ਦੇ ਕਰੀਬ ਸਟਾਫ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਹੈ ਅਤੇ ਕਾਫੀ ਸਟਾਫ ਕੋਰੋਨਾ ਪਾਜ਼ੀਟਿਵ ਵੀ ਆ ਚੁੱਕਿਆ ਹੈ। ਇਸ ਗੱਲ ਤੋਂ ਖਫਾ ਹੋਏ ਨਰਸਿੰਗ ਸਟਾਫ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ ਉਹ ਸੰਘਰਸ਼ ਜਾਰੀ ਰੱਖਣਗੇ।
ਦੱਸਣਯੋਗ ਹੈ ਕਿ ਹਸਪਤਾਲ ਦੇ ਨਰਸਿੰਗ ਸਟਾਫ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਉਚ ਅਧਿਕਾਰੀਆਂ ਸਾਹਮਣੇ ਵੀ ਆਪਣੇ ਪੱਖ ਰੱਖੇ ਗਏ ਹਨ ਪਰ ਹੁਣ ਦੀ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਨਰਸਿੰਗ ਸਟਾਫ ਵੱਲੋਂ ਆਪਣੀ ਜਾਨ ਜ਼ੋਖਿਮ ‘ਚ ਪਾ ਕੇ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ।