Electricity Department prevent theft: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਬਿਜਲੀ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਵੱਲੋਂ ਅਹਿਮ ਕਦਮ ਚੁੱਕੇ ਗਏ ਹਨ। ਜਾਣਕਾਰੀ ਮੁਤਾਬਕ ਅੱਜ ਲੁਧਿਆਣਾ ਦੇ ਹੈਬੋਵਾਲ ‘ਚ ਡੇਅਰੀ ਕੰਪਲੈਕਸ ‘ਤੇ ਛਾਪੇਮਾਰੀ ਕਰਕੇ ਬਿਜਲੀ ਚੋਰੀ ਕਰਨ ਵਾਲੀਆਂ ਕੁੰਢੀਆਂ ਨੂੰ ਫੜਿਆ।ਇਸ ਦੌਰਾਨ 1227 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਲੱਖਾਂ ਰੁਪਏ ਜ਼ੁਰਮਾਨਾ ਵੀ ਕੀਤਾ ਗਿਆ। ਦੱਸ ਦੇਈਏ ਕਿ ਇਹ ਛਾਪਾਮਾਰੀ ਪੰਜਾਬ ਰਾਜ ਬਿਜਲੀ ਬੋਰਡ ਕਾਰਪੋਰੇਸ਼ਨ ਲਿਮਟਿਡ ਦੇ ਸੀ.ਐੇਮ.ਡੀ. ਏ.ਵੈਣੂ ਪ੍ਰਸਾਦ ਦੇ ਨਿਰਦੇਸ਼ਾਂ ਹੇਠ ਡਾਇਰੈਕਟਰ ਵੰਡ ਡੀ.ਪੀ.ਐਸ.ਗਰੇਵਾਲ ਦੀ ਨਿਗਰਾਨੀ ਹੇਠ ਕੀਤੀ ਗਈ।
ਦਰਅਸਲ ਬਿਜਲੀ ਬੋਰਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤਹਿਤ 36 ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ।ਇਨਾਂ ਸਾਰੀਆਂ ਟੀਮਾਂ ‘ਚ 16 ਐਕਸੀਅਨ, 16 ਐਸ.ਡੀ.ਓ., 4 ਇੰਨਫੋਰਸਮੈਂਟ ਵਿੰਗ ਸ਼ਾਮਲ ਸਨ।ਇਨ੍ਹਾਂ ਟੀਮਾਂ ਵੱਲੋਂ ਇੱਕ ਦਿਨ ‘ਚ 1227 ਕੁਨੈਕਸ਼ਨਾ ਦੀ ਜਾਂਚ ਕੀਤੀ ਅਤੇ ਉਪਭੋਗਤਾਵਾਂ ਨੂੰ ਕੁੱਲ 40 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਬਿਜਲੀ ਚੋਰੀ ਦੇ ਕੁਨੈਕਸ਼ਨ 20, ਓਵਰਲੋਡ ਅਤੇ ਅਣਅਧਿਕਾਰਿਤ ਕੁਨੈਕਸ਼ਨ ਸ਼ਾਮਲ ਸਨ।
ਸ੍ਰ.ਡੀ.ਪੀ.ਐਸ ਗਰੇਵਾਲ ਨੇ ਦੱਸਿਆ ਕਿ ਕੁੰਢੀ ਕੁਨੈਕਸ਼ਨਾਂ ਦੀ ਜਾਂਚ ਤੋਂ ਇਲਾਵਾ, ਟੀਮਾਂ ਨੇ ਮੀਟਰਾਂ ਦੀ ਜਾਂਚ ਵੀ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੀਟਰ ਸਹੀ ਤਰ੍ਹਾਂ ਕੰਮ ਕਰ ਰਹੇ ਹਨ ਅਤੇ ਮੀਟਰਾਂ ਨਾਲ ਕੋਈ ਛੇੜਛਾੜ ਨਹੀ ਹੋ ਰਹੀ।ਉਨ੍ਹਾਂ ਅੱਗੇ ਦੱਸਿਆ ਕਿ ਚੈਕਿੰਗ ਦੌਰਾਨ ਜਿੰਨੇ ਵੀ ਪੁਰਾਣੇ ਮੀਟਰ ਸਹੀ ਤਰ੍ਹਾਂ ਕੰਮ ਨਹੀ ਕਰਦੇ ਪਾਏ ਗਏ, ਉਨ੍ਹਾਂ ਨੂੰ ਮੌਕੇ ਤੇ ਹੀ ਤਬਦੀਲ ਕਰ ਦਿੱਤਾ ਗਿਆ ਅਤੇ ਇਨ੍ਹਾਂ ਨੂੰ ਟੈਸਟ ਲਈ ਐਮ.ਈ. ਲੈਬ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਸੀ.ਐਮ.ਡੀ.ਏ.ਵੈਣੂ ਪ੍ਰਸਾਦ ਨੇ ਦੱਸਿਆ ਕਿ ਭਵਿੱਖ ਵਿੱਚ ਬਿਜਲੀ ਚੋਰੀ ਦੀਆਂ ਸਮੱਸਿਆਵਾਂ ਤੇ ਕਾਬੂ ਪਾਉਣ ਲਈ ਅਤੇ ਇਹ ਯਕੀਨੀ ਕਰਨ ਲਈ ਕਿ ਲੋਕ ਅਜਿਹੀਆਂ ਗੈਰ ਰਸਮੀ ਪ੍ਰਕਿਰਿਆਵਾਂ ਤੋਂ ਮੁਕਤ ਹਨ, ਇਸ ਨੂੰ ਲਗਾਤਾਰ ਜਾਰੀ ਰੱਖਣਗੇ।
ਉਨ੍ਹਾਂ ਅਪੀਲ ਕੀਤੀ ਕਿ ਬਿਜਲੀ ਚੋਰੀ ਦੇ ਖਤਰੇ ਨੂੰ ਕਾਬੂ ਕਰਨ ਲਈ ਲੋਕਾਂ ਨੂੰ ਪੀ.ਐਸ.ਪੀ.ਸੀ.ਐਲ ਦੀ ਸਹਾਇਤਾ ਕਰਨੀ ਚਾਹੀਦੀ ਹੈ।ਕੋਈ ਵੀ ਗ੍ਰਾਹਕ ਜਾਂ ਮੁਖਬਰ ਸਾਡੀ ਹੈਲਪਲਾਈਨ ਨੰ.1912 ਤੇ ਬਿਜਲੀ ਸਪਲਾਈ ਬਾਰੇ ਸ਼ਿਕਾਇਤ ਕਰ ਸਕਦੇ ਹਨ।ਜੇਕਰ ਹੈਲਪਲਾਈਨ ਰੁੱਝੀ ਹੋਈ ਹੈ ਤਾਂ 1912 ਤੇ ਐਸ.ਐਮ.ਐਸ.(ਸੰਦੇਸ਼) ਭੇਜ ਸਕਦੇ ਹਨ, ਜਿਸ ਤੋਂ ਬਾਅਦ ਸ਼ਿਕਾਇਤ ਆਪਣੇ ਆਪ ਰਜਿਸਟਰਡ ਹੋ ਜਾਵੇਗੀ, ਜਿਸ ਨਾਲ ਦਫਤਰ ਤੋਂ ਤੁਹਾਨੂੰ ਤੁਰੰਤ ਜਵਾਬ ਮਿਲ ਜਾਵੇਗਾ। ਦੂਜੇ ਪਾਸੇ ਸ੍ਰ.ਡੀ.ਪੀ.ਐਸ.ਗਰੇਵਾਲ ਨੇ ਚੋੜਾ ਬਾਜ਼ਾਰ ਲੁਧਿਆਣਾ ਵਿਖੇ ਸਥਿਤ ਕਾਲ ਸੈਂਟਰ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਕਿਹਾ ਕਿ ਜਲਦੀ ਹੀ ਇੱਥੇ ਸੈਂਟਰ ‘ਚ 60 ਹੋਰ ਕਾਲ ਲਾਈਨਾਂ ਲਗਾਈਆਂ ਜਾਣਗੀਆਂ।ਇਹ ਕੇਂਦਰ ਜਲਦੀ ਹੀ ਲੋਕਾਂ ਲਈ ਕਾਰਜਸ਼ੀਲ ਹੋ ਜਾਵੇਗਾ।