Rajasthan Royals fielding coach: ਨਵੀਂ ਦਿੱਲੀ: ਅਗਲੇ ਮਹੀਨੇ ਯਾਨੀ ਕਿ ਸਤੰਬਰ ਵਿੱਚ IPL ਦਾ 13ਵਾਂ ਸੀਜ਼ਨ ਹੋਣ ਵਾਲਾ ਹੈ ਅਤੇ ਕੁਝ ਦਿਨਾਂ ਵਿੱਚ ਸਾਰੀਆਂ ਟੀਮਾਂ ਯੂਏਈ ਲਈ ਰਵਾਨਾ ਹੋਣਗੀਆਂ । ਪਰ ਰਵਾਨਾ ਹੋਣ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਰਾਜਸਥਾਨ ਰਾਇਲਜ਼ ਦੇ ਫੀਲਡਿੰਗ ਕੋਚ ਦਿਸ਼ਾਂਤ ਯਾਗਨਿਕ ਨੂੰ ਕੋਰੋਨਾ ਹੋ ਗਿਆ ਹੈ। ਦਿਸ਼ਾਂਤ ਇਸ ਸਮੇਂ ਉਦੈਪੁਰ ਸਥਿਤ ਆਪਣੇ ਘਰ ਵਿੱਚ ਹਨ ਅਤੇ ਉਨ੍ਹਾਂ ਨੂੰ 14 ਦਿਨਾਂ ਦੇ ਕੁਆਰੰਟੀਨ ਲਈ ਹਸਪਤਾਲ ਵਿੱਚ ਦਾਖਲ ਹੋਣ ਦੀ ਸਲਾਹ ਦਿੱਤੀ ਗਈ ਹੈ। 14 ਦਿਨਾਂ ਬਾਅਦ ਦਿਸ਼ਾਂਤ ਨੂੰ ਬੀਸੀਸੀਆਈ ਪ੍ਰੋਟੋਕੋਲ ਦੇ ਅਨੁਸਾਰ ਦੋ ਟੈਸਟਾਂ ਵਿੱਚੋਂ ਲੰਘਣਾ ਪਵੇਗਾ ਅਤੇ ਦੋਵਾਂ ਵਿੱਚ ਨੈਗੇਟਿਵ ਰਿਪੋਰਟਾਂ ਮਿਲਣ ਤੋਂ ਬਾਅਦ ਛੇ ਦਿਨਾਂ ਦੇ ਸਵੈ-ਆਈਸੋਲੇਸ਼ਨ ਤੋਂ ਬਾਅਦ ਹੀ ਟੀਮ ਵਿੱਚ ਸ਼ਾਮਿਲ ਹੋਣ ਦਿੱਤਾ ਜਾਵੇਗਾ । ਯੂਏਈ ਪਹੁੰਚਣ ਤੋਂ ਬਾਅਦ ਵੀ ਉਨ੍ਹਾਂ ਦੀਆਂ ਤਿੰਨ ਰਿਪੋਰਟਾਂ ਨੈਗੇਟਿਵ ਹੋਣੀਆਂ ਚਾਹੀਦੀਆਂ ਹਨ।
ਇਸ ਸਬੰਧੀ ਫਰੈਂਚਾਇਜ਼ੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਰਾਜਸਥਾਨ ਰਾਇਲਜ਼ ਇਹ ਦੱਸਣਾ ਚਾਹੁੰਦਾ ਹੈ ਕਿ ਉਨ੍ਹਾਂ ਦੇ ਫੀਲਡਿੰਗ ਕੋਚ ਦਿਸ਼ਾਂਤ ਯਾਗਨਿਕ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਟੈਸਟ ਇਹ ਧਿਆਨ ਰੱਖਿਆਂ ਕੀਤਾ ਗਿਆ ਕਿ ਟੀਮ ਮੈਂਬਰਾਂ ਨੂੰ UAE ਲਈ ਫਲਾਈਟ ਲੈਣ ਲਈ ਅਗਲੇ ਹਫ਼ਤੇ ਮੁੰਬਈ ਵਿੱਚ ਇਕੱਠੇ ਹੋਣਾ ਹੈ।
ਉੱਥੇ ਹੀ ਦੂਜੇ ਪਾਸੇ ਦਿਸ਼ਾਂਤ ਯਾਗਨਿਕ ਨੇ ਟਵੀਟ ਕਰ ਕਿਹਾ ਕਿ ਮੇਰਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਜੇ ਕੋਈ ਪਿਛਲੇ 10 ਦਿਨਾਂ ਵਿੱਚ ਮੇਰੇ ਨਾਲ ਸੰਪਰਕ ਵਿੱਚ ਆਇਆ ਹੈ, ਤਾਂ ਕਿਰਪਾ ਕਰਕੇ ਆਪਣਾ ਟੈਸਟ ਕਰਵਾਓ। ਉਨ੍ਹਾਂ ਲਿਖਿਆ ਕਿ ਬੀਸੀਸੀਆਈ ਪ੍ਰੋਟੋਕੋਲ ਦੇ ਅਨੁਸਾਰ ਹੁਣ ਮੈਨੂੰ 14 ਦਿਨਾਂ ਲਈ ਕੁਆਰੰਟੀਨ ਹੋਣਾ ਪਵੇਗਾ। ਉਨ੍ਹਾਂ ਦੱਸਿਆ ਕਿ UAE ਵਿੱਚ ਰਾਜਸਥਾਨ ਰਾਇਲਜ਼ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਦੋ ਵਾਰ ਕੋਰੋਨਾ ਟੈਸਟ ਨੈਗੇਟਿਵ ਆਉਣ ਦੀ ਜ਼ਰੂਰਤ ਹੈ।