Bajwa demanded the high command : ਕਾਂਗਰਸ ਸਰਕਾਰ ਲਈ ਹੁਣ ਸੂਬੇ ਵਿਚ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਤੇਵਰ ਹੋਰ ਤਿੱਖੇ ਹੋ ਗਏ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਹਟਾਉਣ ਦੀ ਕਾਂਗਰਸ ਹਾਈਕਮਾਨ ਤੋਂ ਮੰਗ ਕੀਤੀ ਹੈ। ਬਾਜਵਾ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿਚ ਕਾਂਗਰਸ ਦੇ 90 ਫੀਸਦੀ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਖਿਲਾਫ ਹੈ। ਅਜਿਹੇ ’ਚ ਹਾਈਕਮਾਨ ਇਨ੍ਹਾਂ ਨੂੰ ਅਹੁਦੇ ਤੋਂ ਤੁਰੰਤ ਹਟਾਏ ਨਹੀਂ ਤਾਂ ਪੰਜਾਬ ਵਿਚ ਕਾਂਗਰਸ ਦਾ ਗੇਮ ਓਵਰ ਹੋਵੇਗਾ।
ਬਾਜਵਾ ਨੇ ਕਿਹਾ ਕਿ ਭਾਵੇਂ ਵਿਧਾਇਕ ਸਰਕਾਰ ਦੇ ਪੱਖ ਵਿਚ ਪੱਤਰ ਜਾਰੀ ਕਰ ਰਹੇ ਹੋਣ ਪਰ ਸੱਚਾਈ ਇਹ ਹੈ ਕਿ ਇਹ ਵਿਧਾਇਕ ਸਰਕਾਰ ਅਤੇ ਸੰਗਠਨ ਤੋਂ ਨਾਰਾਜ਼ ਹਨ। ਵਿਧਾਇਕ ਨਹੀਂ ਚਾਹੁੰਦੇ ਕਿ ਕੈਪਟਨ ਅਤੇ ਜਾਖੜ ਦੀ ਪੰਜਾਬ ਵਿਚ ਲੀਡਰਸ਼ਿਪ ਜਾਰੀ ਰਹੇ। ਇਕ ਗੱਲਬਾਤ ਦੌਰਾਨ ਬਾਜਵਾ ਨੇ ਕਿਹਾ ਕਿ ਹਾਈਕਮਾਨ ਨੂੰ ਇਸ ਨੂੰ ਲੈ ਕੇ ਛੇਤੀ ਹੀ ਫੈਸਲਾ ਕਰਨਾ ਹੋਵੇਗਾ। ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨੂੰ ਸਾਰੇ ਵਿਧਾਇਕਾਂ ਨੂੰ ਗਰੁੱਪ ਦੀ ਬਜਾਏ ਇਕ-ਇਕ ਕਰਕੇ ਬੁਲਾ ਕੇ ਉਨ੍ਹਾਂ ਦੀ ਤਕਲੀਫ ਸੁਣਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਨਾ ਮੁੱਖ ਮੰਤਰੀ ਨੂੰ ਬੁਲਾਇਆ ਜਾਵੇ ਅਤੇ ਨਾ ਹੀ ਸੂਬਾ ਇੰਚਾਰਜ ਤੇ ਨਾ ਹੀ ਸੂਬਾ ਪ੍ਰਧਾਨ ਨੂੰ। ਬਾਜਵਾ ਨੇ ਕਿਹਾ ’ਮੈਂ ਦਾਅਵਾ ਕਰਦਾ ਹਾਂ ਕਿ ਵਿਧਾਇਕਾਂ ਨਾਲ ਗੱਲਬਾਤ ਕਰਕੇ ਜੇਦੋਂ ਉਹ ਕੈਪਟਨ ਅਤੇ ਜਾਖੜ ਤੋਂ ਨਾਰਾਜ਼ ਕਾਂਗਰਸ ਵਿਧਾਇਕਾਂ ਦੀ ਗਿਣਤੀ ਕਰਨਗੇ ਤਾਂ ਨਾਰਾਜ਼ ਵਿਧਾਇਕਾਂ ਦੀ ਗਿਣਤੀ 90 ਫੀਸੀਦ ਦੀ ਬਜਾਏ 95 ਫੀਸਦੀ ਹੋਵੇਗੀ। ਉਨ੍ਹਾਂ ਕਿਹਾ ਕਿ ਹਾਈਕਮਾਨ ਨੂੰ ਸਾਰਿਆਂ ਦਾ ਪੱਖ ਸੁਣ ਕੇ ਸਥਿਤੀ ਛੇਤੀ ਸਪੱਸ਼ਟ ਕਰਨੀ ਚਾਹੀਦੀ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਿਸੇ ਇਕ ਦੀ ਪਿੱਠ ’ਤੇ ਥਾਪੀ ਮਾਰ ਦੇਣੀ ਚਾਹੀਦੀ ਹੈ ਤਾਂਕਿ ਵਿਧਾਇਕਾਂ ਲਈ ਵੀ ਤਸਵੀਰ ਸਾਫ ਹੋ ਜਾਵੇ। ਜੇਕਰ ਕੈਪਟਨ ਨੂੰ ਥਾਪੀ ਦਿੱਤੀ ਗਈ ਤਾਂ 2022 ਤੱਕ ਗੇਮ ਓਵਰ ਹੋ ਜਾਵੇਗੀ ਅਤੇ ਮੈਂ ਕੈਪਟਨ ਦੀ ਅਗਵਾਈ ਵਿਚ ਚੋਣਾਂ ਨਹੀਂ ਲੜਾਂਗਾ।