ludhiana micro containment zone: ਲੁਧਿਆਣਾ ‘ਚ ਖਤਰਨਾਕ ਕੋਰੋਨਾ ਵਾਇਰਸ ਨੇ ਹੁਣ ਦੁੱਗਣੀ ਰਫਤਾਰ ਫੜੀ ਹੈ, ਜਿਸ ਕਾਰਨ ਸ਼ਹਿਰ ‘ਚ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਜਾਣਕਾਰੀ ਮੁਤਾਬਕ ਕੋਰੋਨਾ ਨਾਲ ਬੇਕਾਬੂ ਹੋਏ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸ਼ਹਿਰ ਦੇ 5 ਹੋਰ ਨਵੇਂ ਇਲਾਕਿਆਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤੇ ਹਨ। ਇਨ੍ਹਾਂ ‘ਚ ਢੰਡਾਕੀ ਕਲਾ, ਪਿੰਡ ਸੁਮੇਲ ਪੂਰਾ ਹੰਬੜਾ ਰੋਡ, ਸ਼ਾਮ ਸਿੰਘ ਰੋਡ ਸਿਵਲ ਲਾਈਨ, ਹੈਵਨਲੀ ਪੈਲੇਸ ਅਤੇ ਪਿੰਡ ਭੂਮਦੀ ਸ਼ਾਮਲ ਹੈ। ਦੱਸ ਦੇਈਏ ਕਿ ਜ਼ਿਲ੍ਹੇ ‘ਚ ਹੁਣ ਕੁੱਲ 20 ਇਲਾਕਿਆਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਜਾ ਚੁੱਕਾ ਹੈ।
ਦੱਸਣਯੋਗ ਹੈ ਕਿ ਸ਼ਹਿਰ ‘ਚ ਹੁਣ ਤੱਕ 5524 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 187 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।ਲੁਧਿਆਣਾ ‘ਚ ਦੂਜੇ ਸ਼ਹਿਰਾਂ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ 647 ਤੱਕ ਪਹੁੰਚ ਚੁੱਕੀ ਹੈ, ਜਿਨ੍ਹਾਂ ‘ਚੋਂ 45 ਲੋਕਾਂ ਦੀ ਮੌਤ ਹੋ ਗਈ ਹੈ।ਜ਼ਿਲ੍ਹੇ ‘ਚ ਹੁਣ ਤੱਕ 73973 ਮਰੀਜ਼ਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਅਤੇ ਸ਼ਹਿਰ ‘ਚ 1653 ਸਰਗਰਮ ਮਾਮਲੇ ਹਨ। ਇਸ ਦੌਰਾਨ ਰਾਹਤ ਭਰੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਜ਼ਿਲ੍ਹੇ ‘ਚੋਂ 3681 ਲੋਕ ਕੋਰੋਨਾ ਨੂੰ ਮਾਤ ਦੇ ਕੇ ਠੀਕ ਵੀ ਹੋ ਚੁੱਕੇ ਹੈ।