akali leader murder case ਲੁਧਿਆਣਾ, (ਤਰਸੇਮ ਭਾਰਦਵਾਜ) – ਬੀਤੇ ਦਿਨ ਲੁਧਿਆਣਾ ਜ਼ਿਲੇ ਦੇ ਸਮਰਾਲਾ ਦੇ ਨਜ਼ਦੀਕੀ ਪਿੰਡ ਸੇਹ ਵਿਖੇ ਇੱਕ ਅਕਾਲੀ ਆਗੂ ਦਾ ਦਿਨ-ਦਿਹਾੜੇ ਗੋਲੀਆਂ ਨਾਲ ਭੁੰਨ ਕੇ ਕਤਲ ਕਰ ਦਿੱਤਾ ਗਿਆ ਸੀ।ਜਿਸਦੀ ਕਾਰਵਾਈ ਕਰਨ ਪਿੱਛੋਂ ਮਾਮਲੇ ‘ਚ ਨਵਾਂ ਮੋੜ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਯੂਥ ਅਕਾਲੀ ਦਲ (ਦਿਹਾਤੀ) ਦੇ ਪ੍ਰਧਾਨ ਰਵਿੰਦਰ ਸਿੰਘ (38) ਵਜੋਂ ਹੋਈ ਹੈ।
ਇਸ ਮਾਮਲੇ ਸਬੰਧੀ ਪੁਲਸ ਵੱਲੋਂ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਮੁੱਖ ਦੋਸ਼ੀ ਸਮੇਤ 2 ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ. ਪੀ. ਡੀ. ਮਨਪ੍ਰੀਤ ਸਿੰਘ, ਖੰਨਾ ਨੇ ਦੱਸਿਆ ਕਿ ਕਤਲ ਮਾਮਲੇ ‘ਚ ਮੁੱਖ ਦੋਸ਼ੀ ਰਜਿੰਦਰ ਸਿੰਘ ਉਰਫ਼ ਜਿੰਦਰ ਅਤੇ ਉਸ ਦੇ ਸਾਥੀ ਕੁਲਵੀਰ ਸਿੰਘ ਪੌਂਪੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀਤੇ ਦਿਨੀਂ ਪਿੰਡ ਵਿਖੇ ਸ਼ਹੀਦ ਭਾਈ ਕਰਮ ਸਿੰਘ ਦੀ ਸਮਾਧ ‘ਤੇ ਪੰਚਾਇਤ ਵੱਲੋਂ ਕੰਡਿਆਲੀ ਤਾਰੀ ਲਾਏ ਜਾਣ ਦਾ ਕੰਮ ਚੱਲ ਰਿਹਾ ਸੀ ਅਤੇ ਰਵਿੰਦਰ ਸਿੰਘ ਉੱਥੇ ਇਸ ਕੰਮ ਦੀ ਨਿਗਰਾਨੀ ਕਰ ਰਹਾ ਸੀ। ਇਸ ਦੌਰਾਨ ਪਿੰਡ ਦੇ ਹੀ ਹਰਜਿੰਦਰ ਸਿੰਘ ਉਰਫ਼ ਜਿੰਦਰ, ਕੁਲਵੀਰ ਸਿੰਘ, ਜਗਬੀਰ ਸਿੰਘ ਜੱਗਾ, ਬਿਕਰਮਜੀਤ ਸਿੰਘ ਵਿੱਕੀ ਅਤੇ 2-3 ਹੋਰ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਂਦੇ ਹੋਏ ਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਸੀ। ਮ੍ਰਿਤਕ ਰਵਿੰਦਰ ਸਿੰਘ ਮਾਂ ਅਕਾਲੀ ਪਾਰਟੀ ਨਾਲ ਸਬੰਧਿਤ ਪਿੰਡ ਦੀ ਮੌਜੂਦਾ ਸਰਪੰਚ ਹੈ ਅਤੇ ਉਸ ਦੇ ਭਰਾ ਵੀ ਦਾ ਡੇਢ ਸਾਲ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ‘ਚ ਦਹਿਸ਼ਤ ਫੈਲ ਗਈ ਸੀ। ਉਕਤ ਘਟਨਾ ਤੋਂ ਬਾਅਦ ਮ੍ਰਿਤਕ ਦੀ ਮਾਂ ਅਤੇ ਪੂਰਾ ਪਰਿਵਾਰ ਸਦਮੇ ‘ਚ ਹੈ।