3 thugs hiding : ਉੱਤਰ ਪ੍ਰਦੇਸ਼ ਪੁਲਿਸ ਨੇ ਫਤਿਹਗੜ੍ਹ ਸਾਹਿਬ ਸਥਿਤ ਮੁੱਖ ਧਾਰਮਿਕ ਸਥਾਨ ਰੋਜ਼ਾ ਸ਼ਰੀਫ ਵਿਚ ਲੁਕੇ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਤਿੰਨੋਂ ਸਗੇ ਭਰਾ ਹਨ ਅਤੇ ਲਗਭਗ 6 ਦਿਨਾਂ ਤੋਂ ਇਥੇ ਲੁਕੇ ਹੋਏ ਸਨ। ਦੋਸ਼ੀ ਸੋਹੇਲ ਖਾਨ, ਇਮਰਾਨ ਖਾਨ ਤੇ ਕਾਮਰਾਨ ਖਾਨ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜਿਲ੍ਹੇ ਦੇ ਮੁਹੰਮਦ ਅਲੀਜਈ (ਥਾਣਾ ਸਦਰ ਬਾਜ਼ਾਰ) ਦੇ ਰਹਿਣ ਵਾਲੇ ਹਨ। ਇਨ੍ਹਾਂ ਦਾ ਇਕ ਸਾਥੀ ਪੁਲਿਸ ਦੀ ਰੇਡ ਤੋਂ ਪਹਿਲਾਂ ਹੀ ਗੱਡੀ ਲੈ ਕੇ ਫਰਾਰ ਹੋ ਗਿਆ।
ਇਨ੍ਹਾਂ ਸਾਰਿਆਂ ਖਿਲਾਫ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਥਾਣਿਆਂ ‘ਚ ਫਿਰੌਤੀ ਮੰਗਣ ਦੇ ਕੇਸ ਦਰਜ ਹਨ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਫਿਰੌਤੀ ਦੀ ਰਕਮ ਨਾਲ ਜੰਮੂ-ਕਸ਼ਮੀਰ ਤੋਂ ਹਥਿਆਰ ਖਰੀਦਦੇ ਸਨ। ਇਹ ਵੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਇਨ੍ਹਾਂ ਦੇ ਸਬੰਧ ਅੱਤਵਾਦੀਆਂ ਨਾਲ ਵੀ ਹੋ ਸਕਦੇ ਹਨ ਕਿਉਂਕਿ ਜੰਮ-ਕਸ਼ਮੀਰ ‘ਚ ਬੈਠੇ ਕੁਝ ਅਪਰਾਧਕ ਲੋਕਾਂ ਦੇ ਸੰਪਰਕ ਵਿਚ ਹਨ। ਇਸ ‘ਤੇ ਉੱਤਰ ਪ੍ਰਦੇਸ਼ ਤੇ ਪੰਜਾਬ ਪੁਲਿਸ ਦੀਆਂ ਟੀਮਾਂ ਮਿਲ ਕੇ ਜਾਂਚ ਕਰ ਰਹੀਆਂ ਹਨ।
ਪੁਲਿਸ ਨੇ ਰੋਜ਼ਾ ਸ਼ਰੀਫ ਦੇ ਖਲੀਫਾ ਤੋਂ ਵੀ ਪੁੱਛਗਿਛ ਕੀਤੀ ਹੈ। ਰੋਜਾ ਸ਼ਰੀਫ ਉੱਤਰ ਭਾਰਤ ਦਾ ਮੁੱਖ ਧਾਰਮਿਕ ਸਥਾਨ ਹੈ। ਪੁਲਿਸ ਨੇ ਰੋਜ਼ਾ ਸ਼ਰੀਫ ਦੇ ਰੈਸਟ ਹਾਊਸ ਦਾ ਰਿਕਾਰਡ ਜ਼ਬਤ ਕਰਦੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ. ਵੀ. ਆਰ. ਵੀ ਆਪਣੇ ਕਬਜ਼ੇ ਵਿਚ ਲੈ ਲਈ ਹੈ। ਤਿੰਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਨ੍ਹਾਂ ਖਿਲਾਫ 19 ਜੁਲਾਈ ਨੂੰ ਥਾਣਾ ਸਦਰ ਬਾਜ਼ਾਰ ‘ਚ ਫਿਰੌਤੀ ਮੰਗਣ ਤੇ ਆਈ. ਟੀ. ਐਕਟ ‘ਚ ਦੋ ਮਾਮਲੇ ਦਰਜ ਹਨ। ਰੋਜ਼ਾ ਸ਼ਰੀਫ ਦੇ ਖਲੀਫਾ ਸੈਯਦ ਮੁਹੰਮਦ ਸਾਦਿਕ ਰਜ਼ਾ ਮੁੱਜਦੀ ਨੇ ਕਿਹਾ ਕਿ ਤਿੰਨੋਂ ਦੋਸ਼ੀ 9 ਅਗਸਤ ਨੂੰ ਇਥੇ ਆਏ ਸਨ ਪਰ ਉਨ੍ਹਾਂ ਦੇ ਕਿਸੇ ਵੀ ਅਪਰਾਧਿਕ ਗਤੀਵਿਧੀ ‘ਚ ਸ਼ਾਮਲ ਹੋਣ ਦੀ ਕੋਈ ਜਾਣਕਾਰੀ ਨਹੀਂ ਸੀ।