Shaheed Sukhdev Trust DC office: ਅਕਸਰ ਹੀ ਰਾਜਨੀਤਕ ਪਾਰਟੀਆਂ ਵੱਲੋਂ ਵੱਡੇ ਵੱਡੇ ਦਾਅਵੇ ਅਤੇ ਐਲ਼ਾਨ ਤਾਂ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਸਮੇਂ ਦੇ ਨਾਲ ਵਾਅਦੇ ਹੀ ਬਣ ਕੇ ਰਹਿ ਜਾਂਦੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ‘ਚ ਸਾਹਮਣੇ ਆ ਰਿਹਾ ਹੈ, ਜਿੱਥੇ ਅੱਜ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਤੇ ਨਗਰ ਨਿਗਮ ਕਮਿਸ਼ਨਰ ਦੇ ਦਫਤਰ ਦੇ ਬਾਹਰ ਪਹੁੰਚ ਗੁਲਦਸਤੇ ਭੇਂਟ ਕੀਤੇ ਗਏ ਅਤੇ ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਚੇਤੇ ਕਰਵਾਇਆ। ਇਸ ਮੌਕੇ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਅਤੇ ਸੰਦੀਪ ਥਾਪਰ ਦੇ ਨਾਲ ਹੋਰ ਆਗੂ ਵੀ ਪਹੁੰਚੇ।

ਇਸ ਸਬੰਧੀ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪੂਰੇ ਭਾਰਤ ‘ਚ 74ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ ਪਰ ਅੱਜ ਤੋਂ 2 ਸਾਲ ਪਹਿਲਾਂ 15 ਅਗਸਤ 2018 ਨੂੰ ਮੁੱਖ ਮੰਤਰੀ ਕੈਪਟਨ ਵੱਲੋਂ ਸ਼ਹੀਦ ਸੁਖਦੇਵ ਥਾਪਰ ਦੇ ਘਰ ਅਤੇ ਰਸਤੇ ਲਈ 1 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਸੀ ਪਰ ਇਹ ਕੰਮ ਅੱਜ ਤੱਕ ਨਹੀਂ ਪੂਰਾ ਕੀਤਾ ਗਿਆ ਹੈ। ਭਾਵੇਂ ਸਰਕਾਰ ਵੱਲੋਂ ਹੋਰ ਥਾਵਾਂ ‘ਤੇ ਕਰੋੜਾਂ ਰੁਪਏ ਖੜਚ ਕਰ ਮਿਊਜੀਅਮ ਤਿਆਰ ਕੀਤੇ ਜਾਂਦੇ ਹਨ ਪਰ ਸਾਡੇ ਸ਼ਹਿਰ ਲੁਧਿਆਣਾ ‘ਚ ਸਰਕਾਰ ਵੱਲੋਂ ਐਲਾਨ ਕੀਤੇ ਪੈਕੇਜ ਦਾ ਕੰਮ ਹੁਣ ਤੱਕ ਵੀ ਸਿਰੇ ਨਹੀਂ ਲਾਇਆ ਗਿਆ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2 ਸਾਲ ਪਹਿਲਾਂ ਸ਼ਹੀਦ ਸੁਖਦੇਵ ਸਿੰਘ ਥਾਪਰ ਦੇ ਘਰ ਜਾਣ ਲਈ ਚੌੜਾ ਬਾਜ਼ਾਰ ਤੋਂ ਰਸਤਾ ਕੱਢਣ ਅਤੇ ਘਰ ਦੇ ਲਈ 1 ਕਰੋੜ ਰੁਪਏ ਦਾ ਐਲਾਨ ਕੀਤਾ ਸੀ ਪਰ ਹਾਲੇ ਤੱਕ ਇਹ ਵਾਅਦਾ ਪੂਰਾ ਨਹੀਂ ਹੋ ਸਕਿਆ।






















