The body of : ਜਲੰਧਰ ‘ਚ ਸ਼ਨੀਵਾਰ ਸ਼ਾਮ ਨੂੰ ਇਕ ਗੁਰਦੁਆਰੇ ‘ਚ ਸਥਿਤ ਖੂਹ ਤੋਂ ਇਕ ਮ੍ਰਿਤਕ ਦੇਹ ਮਿਲੀ ਹੈ। ਲਾਸ਼ ਗੁਰਦੁਆਰੇ ਦੇ ਲੰਗਰ ਹਾਲ ਦੇ ਸੇਵਾਦਾਰ ਦਾ ਹੈ। ਪਤਾ ਲੱਗਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪਿੰਡ ਵਾਲਿਆਂ ਦੀ ਮਦਦ ਨਾਲ ਕਾਫੀ ਮਿਹਨਤ ਤੋਂ ਬਾਅਦ ਲਾਸ਼ ਨੂੰ ਖੂਹ ‘ਚੋਂ ਕੱਢਿਆ ਅਤੇ ਪੋਸਟਮਾਰਟਮ ਲਈ ਭਿਜਵਾਇਆ। ਸ਼ੁਰੂਆਤੀ ਜਾਂਚ ਮੁਤਾਬਕ ਮ੍ਰਿਤਕ ਦੇ ਸਰੀਰ ‘ਤੇ ਸੱਟ ਵਗੈਰਾ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਹੈ।
ਮਾਮਲਾ ਜਲੰਧਰ ਦੇ ਮੁੱਖ ਸਥਾਨ ਗੁਰਦੁਆਰਾ ਤੱਲ੍ਹਣ ਸਾਹਿਬ ਦਾ ਹੈ। ਸ਼ਨੀਵਾਰ ਦੁਪਿਹਰ ਬਾਅਦ ਗੁਰੂਘਰ ਵਿਚ ਸਥਿਤ ਖੂਹ ‘ਚ ਕਿਸੇ ਸ਼ਰਧਾਲੂ ਨੇ ਲਾਸ਼ ਡਿੱਗੀ ਦੇਖੀ ਤਾਂ ਹੜਕੰਪ ਮਚ ਗਿਆ। ਪਤਾ ਲੱਗਾ ਕਿ ਗੁਰੂਘਰ ਦੇ ਲੰਗਰ ਹਾਲ ਦਾ ਸੇਵਾਦਾਰ ਬੂਟਾ ਸਿੰਘ ਕਿਤੇ ਦਿਖਾਈ ਨਹੀਂ ਦੇ ਰਿਹਾ। ਉਦੋਂ ਹੀ ਗੁਰਦੁਆਰੇ ‘ਚ ਪਿੰਡ ਦੇ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ, ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਲਗਭਗ 3 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਲਾਸ਼ ਨੂੰ ਖੂਹ ‘ਚੋਂ ਕੱਢਿਆ। ਉਸ ਦੀ ਪਛਾਣ ਸੇਵਾਦਾਰ ਬੂਟਾ ਸਿੰਘ ਪੁੱਤਰ ਲਾਭ ਸਿੰਘ ਦੇ ਰੂਪ ‘ਚ ਹੋਈ। ਮੌਕੇ ਤੋਂ ਸਬੂਤ ਵਗੈਰਾ ਲੱਭਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਭਿਜਵਾ ਦਿੱਤਾ ਹੈ।
ਇਸ ਬਾਰੇ ਥਾਣਾ ਪਤਾਰਾ ਦੇ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਮ੍ਰਿਤਕ ਦੇ ਸਰੀਰ ‘ਤੇ ਸੱਟ ਵਗੈਰਾ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ ਅਤੇ ਗੁਰਦੁਆਰਾ ਪਰਿਸਰ ‘ਚ ਲੱਗੇ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ, ਉਥੇ ਗੁਰਦੁਆਰੇ ‘ਚ ਮੌਜੂਦ ਲੋਕਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।