27.7% of Punjabis recover : ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਸਬੰਧੀ ਸੂਬੇ ਦੇ ਕੰਟੇਨਮੈਂਟ ਜ਼ੋਨ ਵਿਚ ਸਰਵੇਅ ਕਰਵਾਏ ਗਏ ਹਨ, ਜਿਨ੍ਹਾਂ ਵਿਚ ਹੈਰਾਨੀਜਨਕ ਖੁਲਾਸੇ ਹੋਏ ਹਨ। ਇਨ੍ਹਾਂ ਸਰਵੇਅ ਵਿਚ ਸਾਹਮਣੇ ਆਇਆ ਹੈ ਕਿ 27.7 ਫੀਸਦੀ ਪੰਜਾਬੀ ਕੋਰੋਨਾ ਤੋਂ ਬੀਮਾਰ ਹੋ ਕੇ ਠੀਕ ਹੋ ਚੁੱਕੇ ਹਨ ਜਿਸ ਵਿਚ ਵੱਡੀ ਗੱਲ ਇਹ ਹੈ ਕਿ ਟੈਸਟ ਵਿਚ ਪਤਾ ਲੱਗਾ ਕਿ ਇਨ੍ਹਾਂ ਦੇ ਸਰੀਰ ਵਿਚ ਐਂਟੀ ਬਾਡੀ ਸੈੱਲ ਐਕਟਿਵ ਹਨ ਜੋਕਿ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਹੀ ਬਣਦੇ ਹਨ। ਇਸ ਸਰਵੇਅ ਦੀ ਰਿਪੋਰਟ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ਦੌਰਾਨ ਸਾਹਮਣੇ ਰਖੀ ਗਈ।
ਦੱਸਣਯੋਗ ਹੈ ਕਿ ਕੈਪਟਨ ਸਰਕਾਰ ਵੱਲੋਂ 1 ਅਗਸਤ ਤੋਂ ਲੈ ਕੇ 17 ਅਗਸਤ ਤੱਕ ਪੰਜ ਜ਼ਿਲ੍ਹਿਆਂ ਵਿਚ ਇਹ ਸਰਵੇਅ ਕਰਵਾਇਆ ਗਿਆ ਸੀ ਜਿਨ੍ਹਾਂ ਵਿਚ ਅੰਮ੍ਰਿਤਸਰ, ਲੁਧਿਆਣਾ, ਮੋਹਾਲੀ, ਪਟਿਆਲਾ ਅਤੇ ਜਲੰਧਰ ਸਾਮਲ ਹਨ। ਇਨ੍ਹਾਂ ਵਿਚ ਅੰਮ੍ਰਿਤਸਰ ਵਿਚ ਸਭ ਤੋਂ ਵੱਧ 40 ਫੀਸਦੀ, ਲੁਧਿਆਣਾ ’ਚ 35.6 ਫੀਸਦੀ, ਮੋਹਾਲੀ ’ਚ 33.2 ਫੀਸਦੀ, ਪਟਿਆਲਾ ’ਚ 19.2 ਫੀਸਦੀ ਅਤੇ ਜਲੰਧਰ ’ਚ 10.8 ਫੀਸਦੀ ਲੋਕ ਉਹ ਹਨ ਜਿਨ੍ਹਾਂ ਵਿਚ ਐਂਟੀ ਬਾਡੀ ਸੈੱਲ ਐਕਟਿਵ ਪਾਏ ਗਏ ਹਨ ਜਿਨ੍ਹਾਂ ਬਾਰੇ ਟੈਸਟ ਵਿਚ ਪਤਾ ਲੱਗਾ ਹੈ ਕਿ ਇਨ੍ਹਾਂ ਨੂੰ ਕੋਰੋਨਾ ਹੋਇਆ ਵੀ ਅਤੇ ਇਹ ਠੀਕ ਵੀ ਹੋ ਗਿਆ।
ਸਾਰੇ 5 ਹਲਕਿਆਂ ਵਿਚ ਉਨ੍ਹਾਂ ਥਾਵਾਂ ’ਤੇ ਸੈਂਪਲ ਲਏ ਗਏ ਸਨ ਜਿਥੇ ਸਭ ਤੋਂ ਵੱਧ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਹਰ ਜਗ੍ਹਾ ਤੋਂ 250 ਲੋਕਾਂ ਦਾ ਸੈਂਪਲ ਲਿਆ ਗਿਆ ਜਿਸ ਤੋਂ ਬਾਅਦ ਇਹ ਅੰਕੜੇ ਸਾਹਮਣੇ ਆਏ ਹਨ। ਇਹ ਰਿਪੋਰਟ ਉਦੋਂ ਸਾਹਮਣੇ ਆਈ ਜਦੋਂ ਦਿੱਲੀ ਨੇ ਵੀ ਅਜਿਹੀ ਦੂਸਰੀ ਰਿਪੋਰਟ ਬਣਾਈ ਹੈ ਜਿਸ ਵਿਚ ਉਨ੍ਹਾਂ ਦੇ 29 ਫੀਸਦੀ ਲੋਕਾਂ ਵਿਚ ਕੋਰੋਨਾ ਦੇ ਐਂਟੀ ਬਾਡੀ ਸੈੱਲ ਐਕਟਿਵ ਪਾਏ ਗਏ ਜੋਕਿ ਪੰਜਾਬ ’ਚ 27.7 ਫੀਸਦੀ ਹੈ। ਇਹ ਸਰਵੇਅ 17 ਦਿਨਾਂ ਵਿਚ ਕੀਤਾ ਗਿਆ ਹੈ ਜਿਸ ਵਿਚ ਕੁਲ 1250 ਸੈਂਪਲ ਲਏ ਗਏ ਅਤੇ ਹਰ ਪਰਿਵਾਰ ਤੋਂ 18 ਸਾਲ ਤੋਂ ਉਪਰ ਦੇ ਮੈਂਬਰ ਨੂੰ ਚੁਣਿਆ ਗਿਆ ਜੋਕਿ 1 ਅਗਸਤ ਤੋਂ 17 ਅਗਸਤ ਤੱਕ ਸਰਵੇਅ ਕੀਤਾ ਗਿਆ। ਇਹ ਸਾਰੇ ਸਰਵੇਅ ਰੈਪਿਡ ਐਂਟੀ ਬਾਡੀ ਟੈਸਟਿੰਗ ਕਿਟ ਨਾਲ ਕੀਤੇ ਗਏ ਹਨ।