In Jalandhar one more death : ਜਲੰਧਰ ’ਚ ਕੋਰੋਨਾ ਦੇ ਮਾਮਲੇ ਘਟਣ ਦਾ ਨਾਂ ਨਹੀਂ ਲੈ ਰਹੇ ਹਨ ਤੇ ਰੋਜ਼ਾਨਾ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਵਧਦੀ ਹੀ ਜਾ ਰਹੀ ਹੈ। ਅੱਜ ਫਿਰ ਜ਼ਿਲ੍ਹੇ ਵਿਚ ਕੋਰੋਨਾ ਨਾਲ ਇਕ ਹੋਰ ਮੌਤ ਹੋ ਗਈ, ਜਿਥੇ ਹਸਪਤਾਲ ਵਿਚ ਸੋਢਲ ਰੋਡ ਸਥਿਤ ਸ਼ਿਵ ਨਗਰ ਦੇ ਰਹਿਣ ਵਾਲੇ 68 ਸਾਲਾ ਵਿਅਕਤੀ ਨੇ ਦਮ ਤੋੜ ਦਿੱਤਾ। ਉਥੇ ਹੀ ਜ਼ਿਲ੍ਹੇ ਵਿਚੋਂ 69 ਲੋਕਾਂ ਦੀਆਂ ਰਿਪੋਰਟਾਂ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 121 ਹੋ ਗਈ ਹੈ ਅਤੇ ਮਰੀਜ਼ਾਂ ਦਾ ਅੰਕੜਾ 4963 ਤੱਕ ਪਹੁੰਚ ਗਿਆ ਹੈ।
ਸਾਹਮਣੇ ਆਏ ਮਾਮਲਿਆਂ ਵਿਚ ਅੱਧਾ ਦਰਜਨ ਡਾਕਟਰਾਂ ਅਤੇ ਸੈਕਰਡ ਹਾਰਟ ਹਸਪਤਾਲ ਸਟਾਫ ਦੇ ਪੰਜ, ਭਾਟੀਆ ਹਸਪਤਾਲ ਦੇ ਦੋ ਡਾਕਟਰਾਂ ਸਣੇ ਤਿੰਨ ਲੋਕ ਪਾਜ਼ੀਟਿਵ ਆਏ ਹਨ। ਕੋਰੋਨਾ ਨੇ ਸੱਤ ਗਰਭਵਤੀ ਔਰਤਾਂ, ਪੰਜ ਐਨਆਰਆਈ, ਓਬੀਸੀ ਬੈਂਕ ਦੇ ਦੋ, ਨੂਰਮਹਿਲ ਥਾਣੇ ਦੇ ਦੋ, ਉੱਗੀ ਪੁਲਿਸ ਚੌਂਕੀ ਦੇ ਦੋ, ਸੀਆਈਏ ਸਟਾਫ ਦੇ ਏਐਸਆਈ, ਫਿਲੌਰ ਪੁਲਿਸ ਸਟੇਸ਼ਨ ਦੇ ਇਕ, ਪੁਲਿਸ ਕਮਿਸ਼ਨ ਆਫਿਸ ਦੇ ਤਿੰਨ ਮੁਲਾਜ਼ਮਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਇਸ ਤੋਂ ਇਲਾਵਾ ਮਰੀਜ਼ਾਂ ਦੀ ਸੂਚੀ ਵਿਚ ਰਾਮਾ ਮੰਡੀ ਦੇ ਅੱਠ, ਨਕੋਦਰ ਦੇ 12, ਸਾਹਕੋਟ ਦੇ ਦਸ, ਜਲੰਧਰ ਕੈਂਟ ਦੇ ਅੱਠ ਅਤੇ ਫਿਲੌਰ ਦੇ 11 ਲੋਕ ਸ਼ਾਮਲ ਹਨ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਜ਼ਿਲ੍ਹੇ ਵਿਚ ਕੋਰੋਨਾ ਨਾਲ ਦੋ ਮੌਤਾਂ ਹੋਈਆਂ ਸਨ ਅਤੇ 276 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਬੀਤੇ ਦਿਨ ਨਿਊ ਦਸ਼ਮੇਸ਼ ਨਗਰ ਨਿਵਾਸੀ 67 ਸਾਲਾ ਬਜ਼ੁਰਗ ਨੇ ਜਲੰਧਰ ’ਚ ਅਤੇ ਸ਼ਾਹਕੋਟ ਦੇ ਇਕ ਨਿੱਜੀ ਹਸਪਤਾਲ ਵਿਚ ਬਜ਼ੁਰਗ ਔਰਤ ਨੇ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਦਮ ਤੋੜ ਦਿੱਤਾ।