delhi congress workers slogans aicc office : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇੱਕ ਸਾਲ ਦੇ ਕਾਰਜਕਾਲ ਤੋਂ ਬਾਅਦ ਕਾਂਗਰਸ ਪਾਰਟੀ ਪ੍ਰਧਾਨ ਅਹੁਦੇ ਨੂੰ ਛੱਡਣ ਤੋਂ ਬਾਅਦ ਹੁਣ ਪਾਰਟੀ ‘ਚ ਪੂਰੀ ਤਰ੍ਹਾਂ ਘਮਾਸਾਨ ਮੱਚਿਆ ਹੋਇਆ ਹੈ। ਅੱਜ ਕਾਂਗਰਸ ਕਾਰਜ ਕਮੇਟੀ (ਸੀ. ਡਬਲਿਊ. ਸੀ.) ਦੀ ਬੈਠਕ ਹੋ ਰਹੀ ਹੈ। ਜਿਸ ‘ਚ ਲੀਡਰਸ਼ਿਪ ਦੇ ਸਵਾਲ ‘ਤੇ ਖੁੱਲ੍ਹ ਕੇ ਗੱਲਬਾਤ ਹੋ ਸਕਦੀ ਹੈ। ਇਹ ਬੈਠਕ ਅਜਿਹੇ ਸਮੇਂ ਵਿਚ ਹੋ ਰਹੀ ਹੈ, ਜਦੋਂ ਕਈ ਵੱਡੇ ਨੇਤਾਵਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ।
ਇਸ ਚਿੱਠੀ ਵਿਚ ਉਨ੍ਹਾਂ ਨੇ ਸੰਗਠਨ ‘ਚ ਵੱਡੇ ਬਦਲਾਅ ਦੀ ਮੰਗ ਕੀਤੀ ਹੈ। ਸੂਤਰਾਂ ਦੀ ਮੰਨੀਏ ਤਾਂ ਸੋਨੀਆ ਗਾਂਧੀ ਨੇ ਕਹਿ ਦਿੱਤਾ ਹੈ ਕਿ ਉਹ ਹੁਣ ਅੱਗੇ ਦੀ ਪਾਰਟੀ ਪ੍ਰਧਾਨ ਨਹੀਂ ਬਣੇ ਰਹਿਣਾ ਚਾਹੁੰਦੀ। ਸੀ. ਡਬਲਿਊ. ਸੀ. ਦੀ ਇਹ ਬੈਠਕ ਸੋਨੀਆ ਗਾਂਧੀ ਨੂੰ ਕਰੀਬ 2 ਹਫ਼ਤੇ ਪਹਿਲਾਂ ਲਿਖੀ ਗਈ ਇਕ ਚਿੱਠੀ ਦੀ ਪ੍ਰਤੀਕਿਰਿਆ ਦੇ ਤੌਰ ‘ਤੇ ਬੁਲਾਈ ਗਈ ਹੈ। ਦਰਅਸਲ ਕਾਂਗਰਸ ਦੇ 20 ਤੋਂ ਵਧੇਰੇ ਨੇਤਾਵਾਂ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਬਦਲਾਅ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਪ੍ਰਧਾਨ ਅਹੁਦੇ ਲਈ ਚੋਣਾਂ ਕਰਾਉਣ ਲਈ ਕਿਹਾ ਹੈ।ਦਿੱਲੀ ਵਿਖੇ ਕਾਂਗਰਸ ਵਰਕਰਾਂ ਨੇ ਆਲ ਇੰਡੀਆ ਕਾਂਗਰਸ ਕਮੇਟੀ ਦਫ਼ਤਰ (ਏ. ਆਈ. ਸੀ. ਸੀ.) ਦੇ ਬਾਹਰ ਨਾਅਰੇ ਲਾਏ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪਾਰਟੀ ਪ੍ਰਧਾਨ ਗਾਂਧੀ ਪਰਿਵਾਰ ਤੋਂ ਹੀ ਹੋਣਾ ਚਾਹੀਦਾ ਹੈ। ਕਾਂਗਰਸ ਵਰਕਰ ਜਗਦੀਸ਼ ਸ਼ਰਮਾ ਨੇ ਕਿਹਾ ਕਿ ਅਸੀਂ ਗਾਂਧੀ ਪਰਿਵਾਰ ਤੋਂ ਪਾਰਟੀ ਪ੍ਰਧਾਨ ਚਾਹੁੰਦੇ ਹਾਂ। ਜੇਕਰ ਕਿਸੇ ਬਾਹਰੀ ਵਿਅਕਤੀ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਪਾਰਟੀ ਨਸ਼ਟ ਹੋ ਜਾਵੇਗੀ ਅਤੇ ਟੁੱਟ ਜਾਵੇਗੀ। ਪਾਰਟੀ ਦੇ ਅੰਦਰ ਵੱਡੀ ਗਿਣਤੀ ਅਜਿਹੇ ਨੇਤਾਵਾਂ ਦੀ ਹੈ, ਜੋ ਨਹਿਰੂ-ਗਾਂਧੀ ਪਰਿਵਾਰ ਦੇ ਹੱਥ ‘ਚ ਹੀ ਕਾਂਗਰਸ ਦੀ ਕਮਾਨ ਦੇਖਣਾ ਚਾਹੁੰਦੇ ਹਨ। ਉਹ ਰਾਹੁਲ ਗਾਂਧੀ ਨੂੰ ਮੁੜ ਪ੍ਰਧਾਨ ਬਣਾਉਣ ਦੀ ਮੰਗ ਚੁੱਕ ਚੁੱਕੇ ਹਨ। ਹਾਲਾਂਕਿ ਰਾਹੁਲ ਗਾਂਧੀ ਨੇ ਮੁੜ ਪ੍ਰਧਾਨ ਬਣਨ ਤੋਂ ਸਾਫ਼ ਇਨਕਾਰ ਕੀਤਾ ਹੈ। ਦੱਸ ਦੇਈਏ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਮ ਚੋਣਾਂ ‘ਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਮੁੜ ਪ੍ਰਧਾਨ ਬਣਾਇਆ ਗਿਆ। ਬੀਤੇ ਕੁਝ ਹਫ਼ਤਿਆਂ ਤੋਂ ਕਾਂਗਰਸ ਦੇ ਕਈ ਨੇਤਾ ਖੁੱਲ੍ਹ ਕੇ ਇਸ ਗੱਲ ਦੀ ਮੰਗ ਕਰ ਚੁੱਕੇ ਹਨ ਕਿ ਇਕ ਵਾਰ ਫਿਰ ਰਾਹੁਲ ਗਾਂਧੀ ਨੂੰ ਕਾਂਗਰਸ ਦੀ ਕਮਾਨ ਸੌਂਪੀ ਜਾਵੇ। ਹਾਲਾਂਕਿ ਰਾਹੁਲ ਗਾਂਧੀ ਕਹਿ ਚੁੱਕੇ ਹਨ ਕਿ ਪਾਰਟੀ ਪ੍ਰਧਾਨ ਗੈਰ-ਕਾਂਗਰਸੀ ਹੋਣਾ ਚਾਹੀਦਾ ਹੈ।