MLA Kulbir Zira Corona Positive : ਫਿਰੋਜ਼ਪੁਰ ਜ਼ਿਲ੍ਹੇ ਵਿਚ ਜ਼ੀਰਾ ਤੋਂ ਕਾਂਗਰਸ਼ੀ ਵਿਧਾਇਕ ਕੁਲਬੀਰ ਜ਼ੀਰਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਅੱਜ ਫਿਰਜ਼ੋਪੁਰ ਜ਼ਿਲ੍ਹੇ ਤੋਂ ਜਾਰੀ ਕੀਤੀ ਗਈ ਕੋਰੋਨਾ ਲਿਸਟ ਵਿਚ ਕੁਲਬੀਰ ਸਿੰਘ ਜ਼ੀਰਾ ਦਾ ਵੀ ਨਾਂ ਸ਼ਾਮਲ ਹੈ ਤੇ ਕੁਲਬੀਰ ਸਿੰਘ ਜ਼ੀਰਾ ਅੱਜ ਵਿਧਾਨ ਸਭਾ ਦਾ ਇਕ ਦਿਨ ਦਾ ਸੈਸ਼ਨ ਵੀ ਹਾਜ਼ਰ ਹੋਏ ਸਨ। ਸਭ ਤੋਂ ਵੱਡੀ ਗੱਲ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਾਫੀ ਨੇੜਿਓਂ ਮੁਲਾਕਾਤ ਵੀ ਕੀਤੀ ਜੋਕਿ ਮੁੱਖ ਮੰਤਰੀ ਲਈ ਵੀ ਖਤਰੇ ਦੀ ਘੰਟੀ ਹੋ ਸਕਦੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਦੇ ਮੋਢੇ ’ਤੇ ਹੱਥ ਰਖਦੇ ਹੋਏ ਜ਼ੀਰਾ ਦੇ ਸਰੀਰਕ ਸੰਪਰਕ ਵਿਚ ਵੀ ਆਏ।
ਇਸ ’ਤੇ ਵੱਡੇ ਸਵਾਲ ਵੀ ਉਠ ਰਹੇ ਹਨ ਕਿਉਂਕਿ ਵਿਧਾਨ ਸਭਾ ਵਿਚ ਸ਼ਾਮਲ ਹੋਣ ਵਾਲੇ ਸਾਰੇ ਵਿਧਾਇਕਾਂ ਲਈ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਕੀਤਾ ਗਿਆ ਸੀ। ਇਸ ਦੌਰਾਨ ਜੇਕਰ ਅਜੇ ਕੁਲਬੀਰ ਸਿੰਘ ਜ਼ੀਰਾ ਦੀ ਕੋਰੋਨਾ ਰਿਪੋਰਟ ਅਜੇ ਪੈਂਡਿੰਗ ਸੀ ਤਾਂ ਉਨ੍ਹਾਂ ਨੂੰ ਵਿਧਾਨ ਸਭਾ ਦੇ ਸੈਸ਼ਨ ਵਿਚ ਆਉਣ ਦੀ ਇਜਾਜ਼ਤ ਕਿਉਂ ਦਿੱਤੀ ਗਈ।
ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦਾ ਇਕ ਦਿਨ ਦਾ ਮਾਨਸੂਨ ਸੈਸ਼ਨ ਸੀ। ਇਹ ਸੈਸ਼ਨ ਅੱਜ ਕਾਫੀ ਹੰਗਾਮੇ ਭਰਿਆ ਰਿਹਾ ਕਿਉਂਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਇਸ ਸੈਸ਼ਨ ਵਿਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਕਿਉਂਕਿ ਸੂਬੇ ਵਿਚ ਕੁਝ ਵਿਧਾਇਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ ਤਾਂ ਸਪੀਕਰ ਨੇ ਹੁਕਮ ਦਿੱਤੇ ਸਨ ਕਿ ਜਿਹੜੇ ਵਿਧਾਇਕ ਪਿਛਲੇ ਕੁਝ ਦਿਨਾਂ ਵਿਚ ਇਨ੍ਹਾਂ ਪਾਜ਼ੀਟਿਵ ਵਿਧਾਇਕਾਂ ਦੇ ਸੰਪਰਕ ਵਿਚ ਆਏ ਹੋਏ ਹਨ ਉਹ ਸੈਸ਼ਨ ਵਿਚ ਸ਼ਾਮਲ ਨਾ ਹੋਣ। ਇਸ ਤੋਂ ਬਾਅਦ ਸਰਾਕਰ ਦਾ ਕਾਫੀ ਵਿਰੋਧ ਹੋਇਆ ਕਿ ਸਰਕਾਰ ਨੇ ਜਾਣ-ਬੁੱਝ ਕੇ ਵਿਰੋਧੀਆਂ ਨੂੰ ਸੈਸ਼ਨ ਵਿਚ ਨਹੀਂ ਆਉਣ ਦਿੱਤਾ ਅਤੇ ਇਕ ਦਿਨ ਦਾ ਸੈਸ਼ਨ ਰਖਿਆ।