China warns US: ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਅਮਰੀਕਾ ‘WeChat’ ‘ਤੇ ਪਾਬੰਦੀ ਲਗਾ ਦਿੰਦਾ ਹੈ ਤਾਂ ਚੀਨ ਦੇ ਲੋਕ ਐਪਲ ਕੰਪਨੀ ਦਾ ਬਾਈਕਾਟ ਕਰ ਦੇਣਗੇ । ਦੱਸ ਦੇਈਏ ਅਮਰੀਕਾ ਵਿੱਚ ਸੋਸ਼ਲ ਮੀਡੀਆ ਐਪ WeChat ਨੂੰ ਬੰਦ ਕਰਨ ਦੀ ਤੇਜ਼ੀ ਨਾਲ ਮੰਗ ਵੱਧ ਰਹੀ ਹੈ। ਅਜਿਹੀ ਸੰਭਾਵਨਾ ਹੈ ਕਿ ਅਮਰੀਕਾ ਇਸ ਨੂੰ ਬਹੁਤ ਜਲਦੀ ਬੰਦ ਕਰ ਸਕਦਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ WeChat ਅਤੇ TikTok ‘ਤੇ ਪਾਬੰਦੀ ਲਗਾਉਣ ਦੀ ਗੱਲ ਕਹਿ ਚੁੱਕੇ ਹਨ। ਦਰਅਸਲ, ਇਨ੍ਹਾਂ ਦੋਵਾਂ ਐਪਸ ‘ਤੇ ਸਤੰਬਰ ਮਹੀਨੇ ਵਿੱਚ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਟਰੰਪ ਦਾ ਇਲਜ਼ਾਮ ਹੈ ਕਿ ਅਜਿਹੀ ਐਪ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੈ । ਟਰੰਪ ਦੇ ਇਸ ਐਲਾਨ ਤੋਂ ਬਾਅਦ ਅਮਰੀਕਾ ਅਤੇ ਚੀਨ ਵਿੱਚ ਤਣਾਅ ਹੋਰ ਵੀ ਵੱਧ ਗਿਆ ਹੈ।
ਇਸ ਤੋਂ ਬਾਅਦ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਸ਼ੁੱਕਰਵਾਰ ਨੂੰ ਇੱਕ ਟਵੀਟ ਵਿੱਚ ਲਿਖਿਆ ਕਿ ਜੇਕਰ WeChat ‘ਤੇ ਪਾਬੰਦੀ ਲਗਾਈ ਜਾਂਦੀ ਹੈ ਤਾਂ ਚੀਨੀ ਲੋਕ ਆਈਫੋਨ ਅਤੇ ਐਪਲ ਉਤਪਾਦਾਂ ਦੀ ਵਰਤੋਂ ਕਰਨ ਦਾ ਕੋਈ ਕਾਰਨ ਨਹੀਂ ਦੇਖਦੇ ਹਨ। ਝਾਓ ਨੇ ਕਿਹਾ ਕਿ ਚੀਨੀ ਲੋਕ ਪਹਿਲਾਂ ਹੀ ਕਹਿ ਰਹੇ ਹਨ ਕਿ ਜੇ WeChat ‘ਤੇ ਪਾਬੰਦੀ ਲਗਾਈ ਜਾਂਦੀ ਹੈ ਤਾਂ ਉਹ ਆਈਫੋਨ ਦੀ ਵਰਤੋਂ ਵੀ ਬੰਦ ਕਰ ਦੇਣਗੇ।
ਦੱਸ ਦੇਈਏ ਕਿ ਸ਼ਾਰਟ ਵੀਡੀਓ ਸ਼ੇਅਰਿੰਗ ਐਪ TikTok ‘ਤੇ ਪਹਿਲਾਂ ਹੀ ਭਾਰਤ ਵਿੱਚ ਪਾਬੰਦੀ ਹੈ। ਹੁਣ ਅਮਰੀਕਾ ਨੇ ਵੀ ਇਸ ‘ਤੇ ਰੋਕ ਲਗਾਉਣ ਦੀ ਤਿਆਰੀ ਕਰ ਲਈ ਹੈ। ਅਮਰੀਕਾ ਨੇ ਇਸ ਐਪ ‘ਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਅਮਰੀਕੀ ਨਿਵੇਸ਼ਕ ਵੀ ਇਸ ਨੂੰ ਖਰੀਦਣ ਲਈ ਇੱਕ ਵਿਕਲਪ ਦੀ ਭਾਲ ਕਰ ਰਹੇ ਹਨ। ਇਸ ਦੌਰਾਨ ਚੀਨ ਨੇ ਐਪਲ ‘ਤੇ ਅਮਰੀਕਾ ਨੂੰ ਚੇਤਾਵਨੀ ਦੇ ਕੇ ਇਸ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।