ED says crackdown on online betting: ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਭਾਰਤ ਵਿੱਚ ਕੰਮ ਕਰ ਰਹੀਆਂ ਚੀਨੀ ਕੰਪਨੀਆਂ ‘ਤੇ ਸ਼ਿਕੰਜਾ ਕਸਦਿਆਂ ਹੋਇਆਂ HSBC ਬੈਂਕ ਦੇ ਚਾਰ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ। ਇਨ੍ਹਾਂ ਖਾਤਿਆਂ ਵਿੱਚ 46.96 ਕਰੋੜ ਰੁਪਏ ਜਮ੍ਹਾ ਹਨ। ਇਨ੍ਹਾਂ ਕੰਪਨੀਆਂ ‘ਤੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ । ਕਾਰਵਾਈ ਤੋਂ ਪਹਿਲਾਂ ਇਨ੍ਹਾਂ ਕੰਪਨੀਆਂ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਇਹ ਕੰਪਨੀਆਂ ਆਨਲਾਈਨ ਜੂਆ ਖੇਡਾਂ ਦੀਆਂ ਐਪਲੀਕੇਸ਼ਨਾਂ ਚਲਾ ਰਹੀਆਂ ਸਨ। ED ਨੇ ਦਿੱਲੀ, ਗੁਰੂਗ੍ਰਾਮ, ਮੁੰਬਈ ਅਤੇ ਪੁਣੇ ਵਿੱਚ 15 ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਜਾਂਚ ਏਜੰਸੀ ਨੇ ਇਨ੍ਹਾਂ ਕੰਪਨੀਆਂ ਦੇ ਰਜਿਸਟਰਡ ਦਫ਼ਤਰਾਂ, ਡਾਇਰੈਕਟਰਾਂ, ਚਾਰਟਰਡ ਅਕਾਊਟੈਂਟਾਂ ਦੇ ਦਫਤਰਾਂ ‘ਤੇ ਵੀ ਛਾਪੇ ਮਾਰੇ ਹਨ। ਇਹ ਜੂਆ ਖੇਡਾਂ ਭਾਰਤ ਤੋਂ ਬਾਹਰੋਂ ਹੋਸਟ ਕੀਤੀਆਂ ਜਾਂਦੀਆਂ ਸਨ।
ਦਰਅਸਲ, ਇਸ ਕਾਰਵਾਈ ਵਿੱਚ ED ਨੇ 17 ਹਾਰਡ ਡਿਸਕ, 5 ਲੈਪਟਾਪ, ਫੋਨ, ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ ਸਨ, ਜਦੋਂ ਕਿ 4 ਬੈਂਕ ਖਾਤਿਆਂ ਵਿੱਚ 46.96 ਕਰੋੜ ਰੁਪਏ ਜਮ੍ਹਾਂ ਕੀਤੇ ਗਏ ਹਨ । ED ਨੇ ਹੁਣ ਹੈਦਰਾਬਾਦ ਪੁਲਿਸ ਦੀ ਸ਼ਿਕਾਇਤ ‘ਤੇ ਚੀਨੀ ਕੰਪਨੀ ਡਾਕੀਪੇ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਅਤੇ ਲਿੰਕਯੂਨ ਟੈਕਨੋਲੋਜੀ ਪ੍ਰਾਈਵੇਟ ਲਿਮਟਿਡ ਦੇ ਖਿਲਾਫ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Paytm ਪੇਮੈਂਟ ਗੇਟਵੇ ਦੀ ਵਰਤੋਂ
ED ਨੇ ਡਾਕੀਪੇ ਟੈਕਨੋਲੋਜੀਜ਼ ਪ੍ਰਾਈਵੇਟ ਲਿਮਟਿਡ ਦੇ 2 ਬੈਂਕ ਖਾਤਿਆਂ ਦਾ ਵਿਸ਼ਲੇਸ਼ਣ ਤੋਂ ਪਾਇਆ ਕਿ ਪਿਛਲੇ ਸਾਲ ਇਸ ਖਾਤੇ ਵਿੱਚ 1,268 ਕਰੋੜ ਰੁਪਏ ਇਕੱਠੇ ਹੋਏ ਸਨ, ਜਿਸ ਵਿੱਚੋਂ 300 ਕਰੋੜ ਰੁਪਏ ਪੇਟੀਐਮ ਪੇਮੈਂਟ ਗੇਟਵੇ ਰਾਹੀਂ ਆਏ ਸਨ ਅਤੇ 600 ਕਰੋੜ ਰੁਪਏ ਪੇਟੀਐਮ ਗੇਟਵੇ ਰਾਹੀਂ ਬਾਹਰ ਚਲੇ ਗਏ ਸਨ। ਇਸ ਬਾਰੇ ਜਾਂਚ ਏਜੰਸੀ ਦਾ ਦਾਅਵਾ ਹੈ ਕਿ ਇਨ੍ਹਾਂ ਖਾਤਿਆਂ ਵਿਚੋਂ 120 ਕਰੋੜ ਰੁਪਏ ਦੀ ਗੈਰ-ਕਾਨੂੰਨੀ ਅਦਾਇਗੀ ਕੀਤੀ ਗਈ ਸੀ। ਇਸ ਬਾਰੇ ED ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿੱਤੀ ਲੈਣ-ਦੇਣ ਵੱਡੇ ਪੱਧਰ ‘ਤੇ ਲੱਭੇ ਗਏ ਹਨ, ਜਿਸਦਾ ਕੋਈ ਅਧਾਰ ਨਹੀਂ ਹੈ। ਇਹ ਲੈਣ-ਦੇਣ ਭਾਰਤੀ ਕੰਪਨੀਆਂ ਨਾਲ ਸਨ ਜੋ ਆਨਲਾਈਨ ਚੀਨੀ ਡੇਟਿੰਗ ਐਪਸ ਨੂੰ ਚਲਾਉਂਦੀਆਂ ਸਨ। ਈਡੀ ਨੂੰ ਸ਼ੱਕ ਹੈ ਕਿ ਇਹ ਕੰਪਨੀਆਂ ਹਵਾਲਾ ਕਾਰੋਬਾਰ ਵਿੱਚ ਵੀ ਸ਼ਾਮਿਲ ਸਨ। ਹੁਣ ED ਆਨਲਾਈਨ ਵੈਲਟ ਕੰਪਨੀਆਂ ਅਤੇ HSBC ਤੋਂ ਇਸ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।
ਦੱਸ ਦੇਈਏ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਇਹ ਪਤਾ ਲੱਗਿਆ ਹੈ ਕਿ ਕੁਝ ਭਾਰਤੀ ਚਾਰਟਰਡ ਅਕਾਉਂਟੈਂਟਾਂ ਦੀ ਮਦਦ ਨਾਲ ਚੀਨੀ ਨਾਗਰਿਕਾਂ ਨੇ ਕਈ ਭਾਰਤੀ ਕੰਪਨੀਆਂ ਦਾ ਗਠਨ ਕੀਤਾ ਸੀ। ਪਹਿਲੇ ਡਮੀ ਭਾਰਤੀ ਨਿਰਦੇਸ਼ਕ ਇਨ੍ਹਾਂ ਕੰਪਨੀਆਂ ਵਿੱਚ ਤਾਇਨਾਤ ਕੀਤੇ ਗਏ ਅਤੇ ਉਨ੍ਹਾਂ ਨੂੰ ਰਜਿਸਟਰਡ ਕੀਤਾ ਗਿਆ। ਕੁਝ ਦਿਨਾਂ ਬਾਅਦ ਇਹ ਚੀਨੀ ਨਾਗਰਿਕ ਭਾਰਤ ਆਏ ਅਤੇ ਇਨ੍ਹਾਂ ਕੰਪਨੀਆਂ ਦੀ ਡਾਇਰੈਕਟਰਸ਼ਿਪ ਆਪਣੇ ਹੱਥ ਵਿੱਚ ਲੈ ਲਈ।