SC fines Prashant Bhushan: ਸੁਪਰੀਮ ਕੋਰਟ ਨੇ ਅੱਜ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਖਿਲਾਫ ਅਪਮਾਨ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਹੈ। ਨਿਆਂਪਾਲਿਕਾ ਦੇ ਖਿਲਾਫ ਆਪਣੇ ਦੋ ਟਵੀਟਾਂ ਲਈ ਅਦਾਲਤ ਦੀ ਨਿੰਦਿਆ ਦੇ ਦੋਸ਼ੀ ਪਾਏ ਗਏ ਵਕੀਲ ਪ੍ਰਸ਼ਾਂਤ ਭੂਸ਼ਣ ਖਿਲਾਫ਼ ਸੁਪਰੀਮ ਕੋਰਟ ਨੇ ਸਜ਼ਾ ਸੁਣਾਉਂਦਿਆਂ 1 ਰੁਪਏ ਦਾ ਆਰਥਿਕ ਜ਼ੁਰਮਾਨਾ ਲਗਾਇਆ ਹੈ। ਇਸਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਇਹ ਰਾਸ਼ੀ ਜਮ੍ਹਾ ਨਾ ਕਰਵਾਉਣ ‘ਤੇ ਉਨ੍ਹਾਂ ਨੂੰ ਤਿੰਨ ਮਹੀਨੇ ਦੀ ਕੈਦ ਹੋ ਸਕਦੀ ਹੈ । ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਬੀਤੇ ਮੰਗਲਵਾਰ ਨੂੰ ਪ੍ਰਸ਼ਾਂਤ ਭੂਸ਼ਣ ਦੀ ਸਜ਼ਾ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ । ਮੁਆਫੀ ਮੰਗਣ ਤੋਂ ਇਨਕਾਰ ਕਰ ਚੁੱਕੇ ਪ੍ਰਸ਼ਾਂਤ ਭੂਸ਼ਣ ਨੂੰ ਅਦਾਲਤ ਨੇ 30 ਮਿੰਟ ਦਾ ਸਮਾਂ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਆਪਣੇ ਸਟੈਂਡ ‘ਤੇ ਮੁੜ ਵਿਚਾਰ ਕਰਨ । ਪਰ ਇਸਦੇ ਬਾਅਦ ਵੀ ਭੂਸ਼ਣ ਦਾ ਵਿਚਾਰ ਨਹੀਂ ਬਦਲਿਆ, ਅਦਾਲਤ ਨੇ ਇਹ ਵੀ ਪੁੱਛਿਆ ਕਿ ਮੁਆਫੀ ਮੰਗਣ ਵਿੱਚ ਕੀ ਗਲਤ ਹੈ, ਕੀ ਇਹ ਇੱਕ ਬੁਰਾ ਸ਼ਬਦ ਹੈ? ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਭੂਸ਼ਣ ਵਿਰੁੱਧ ਆਪਣਾ ਫੈਸਲਾ ਸੁਣਾਇਆ ।
ਦਰਅਸਲ, ਪ੍ਰਸ਼ਾਂਤ ਭੂਸ਼ਣ ਵੱਲੋਂ ਮੁਆਫੀ ਦੇ ਅਦਾਲਤ ਦੇ ਸੁਝਾਅ ਨੂੰ ਰੱਦ ਕਰਨ ਤੋਂ ਬਾਅਦ ਸੀਨੀਅਰ ਵਕੀਲ ਰਾਜੀਵ ਧਵਨ ਨੇ 25 ਅਗਸਤ ਨੂੰ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਕਿ ਅਦਾਲਤ ਨੂੰ ‘ਸਟੇਟਸਮੈਨ’ ਵਰਗਾ ਸੰਦੇਸ਼ ਦੇਣਾ ਚਾਹੀਦਾ ਹੈ ਅਤੇ ਭੂਸ਼ਣ ਨੂੰ ਸ਼ਹੀਦ ਨਹੀਂ ਬਣਾਉਣਾ ਚਾਹੀਦਾ । ਜਸਟਿਸ ਮਿਸ਼ਰਾ ਨੇ ਤਿੰਨ ਜੱਜਾਂ ਦੇ ਬੈਂਚ ਦੀ ਪ੍ਰਧਾਨਗੀ ਕਰਦਿਆਂ ਸਜ਼ਾ ਦੇ ਮੁੱਦੇ ‘ਤੇ ਉਸ ਦਿਨ ਆਪਣਾ ਫੈਸਲਾ ਰਾਖਵਾਂ ਰੱਖ ਲਿਆ । ਜਸਟਿਸ ਮਿਸ਼ਰਾ 2 ਸਤੰਬਰ ਨੂੰ ਸੇਵਾਮੁਕਤ ਹੋ ਰਹੇ ਹਨ।
ਦੱਸ ਦੇਈਏ ਕਿ 14 ਅਗਸਤ ਨੂੰ ਸੁਪਰੀਮ ਕੋਰਟ ਨੇ ਭੂਸ਼ਣ ਨੂੰ ਨਿਆਂਪਾਲਿਕਾ ਖ਼ਿਲਾਫ਼ ਉਸ ਦੇ ਦੋ ਅਪਮਾਨਜਨਕ ਟਵੀਟਾਂ ਲਈ ਅਪਰਾਧਿਕ ਅਪਮਾਨ ਲਈ ਦੋਸ਼ੀ ਠਹਿਰਾਇਆ ਸੀ । ਭੂਸ਼ਣ ਦਾ ਪੱਖ ਰੱਖ ਰਹੇ ਧਵਨ ਨੇ ਭੂਸ਼ਣ ਦੇ ਪੂਰਕ ਬਿਆਨ ਦਾ ਹਵਾਲਾ ਦਿੰਦਿਆਂ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ ਕਿ ਉਹ 14 ਅਗਸਤ ਦਾ ਆਪਣਾ ਫੈਸਲਾ ਵਾਪਸ ਲੈਣ ਅਤੇ ਕੋਈ ਸਜ਼ਾ ਨਾ ਦੇਣ । ਉਨ੍ਹਾਂ ਬੇਨਤੀ ਕੀਤੀ ਕਿ ਇਸ ਮਾਮਲੇ ਨੂੰ ਨਾ ਸਿਰਫ ਬੰਦ ਕੀਤਾ ਜਾਵੇ ਬਲਕਿ ਵਿਵਾਦ ਨੂੰ ਵੀ ਖਤਮ ਕੀਤਾ ਜਾਵੇ।