5 UNSC members: ਭਾਰਤ ਦੇ ਖਿਲਾਫ਼ ਪਾਕਿਸਤਾਨ ਦੀ ਇੱਕ ਵੱਡੀ ਚਾਲ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSC) ਦੇ 5 ਮੈਂਬਰਾਂ ਨੇ ਨਾਕਾਮ ਕਰ ਦਿੱਤਾ ਹੈ। ਦਰਅਸਲ, ਪਾਕਿਸਤਾਨ ਸੰਯੁਕਤ ਰਾਸ਼ਟਰ ਦੇ ਜ਼ਰੀਏ ਭਾਰਤ ਦੇ ਕੁਝ ਲੋਕਾਂ ਨੂੰ ਅੱਤਵਾਦੀ ਸੂਚੀ ਵਿੱਚ ਸ਼ਾਮਿਲ ਕਰਨ ਦੀ ਯੋਜਨਾ ਬਣਾ ਰਿਹਾ ਸੀ, ਜਿਸ ਨੂੰ UNSC ਦੇ ਪੰਜ ਦੇਸ਼ਾਂ ਨੇ ਨਾਕਾਮ ਕਰ ਦਿੱਤਾ ਹੈ। ਕੌਂਸਲ ਦੇ ਪੰਜ ਮੈਂਬਰ ਦੇਸ਼ਾਂ ਵਿੱਚ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ ਅਤੇ ਬੈਲਜੀਅਮ ਸ਼ਾਮਿਲ ਹਨ। ਇਨ੍ਹਾਂ ਦੇਸ਼ਾਂ ਨੇ ਆਵਾਜ਼ ਬੁਲੰਦ ਕੀਤੀ ਕਿ ਪਾਕਿਸਤਾਨ ਬਿਨ੍ਹਾਂ ਕਿਸੇ ਠੋਸ ਸਬੂਤ ਦੇ ਭਾਰਤ ਵਿਰੁੱਧ ਮਾਮਲਾ ਚੁੱਕ ਰਿਹਾ ਹੈ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪਾਕਿਸਤਾਨ ਨੇ ਭਾਰਤੀ ਨਾਗਰਿਕਾਂ ਨੂੰ ਅੱਤਵਾਦੀ ਸੂਚੀ ਵਿੱਚ ਪਾਉਣ ਦੀ ਨਾਪਾਕ ਕੋਸ਼ਿਸ਼ ਕੀਤੀ ਹੈ। UNSC ਦੇ ਪੰਜ ਮੈਂਬਰ ਦੇਸ਼ਾਂ ਵਿੱਚ ਦੋ ਆਰਜ਼ੀ ਅਤੇ ਤਿੰਨ ਪੀ5 ਰਾਸ਼ਟਰ ਹਨ। ਇਨ੍ਹਾਂ ਦੇਸ਼ਾਂ ਨੇ UNSC 1267 ਅਲ-ਕਾਇਦਾ ਮਨਜੂਰੀ ਕਮੇਟੀ ਸਕੱਤਰੇਤ ਨੂੰ ਕਿਹਾ ਕਿ ਪਾਕਿਸਤਾਨ ਦੇ ਉਸ ਪ੍ਰਸਤਾਵ ਨੂੰ ਰੋਕ ਦਿੱਤਾ ਜਾਵੇ ਜਿਸ ਵਿੱਚ ਭਾਰਤੀ ਨਾਗਰਿਕ ਅੰਗਾਰਾ ਅਪਾਜੀ ਅਤੇ ਗੋਬਿੰਦ ਪਟਨਾਇਕ ਦੁੱਗੀਵਲਾਸਾ ਦੇ ਨਾਮ ਅੱਤਵਾਦੀ ਸੂਚੀ ਵਿੱਚ ਸ਼ਾਮਿਲ ਕਰਨ ਦੀ ਗੱਲ ਹੈ ।
ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਇਸ ਸੂਚੀ ਵਿੱਚ 4 ਭਾਰਤੀ ਨਾਗਰਿਕਾਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਸਾਲ ਜੂਨ ਵਿੱਚ ਪਾਕਿਸਤਾਨ ਨੇ ਭਾਰਤੀ ਨਾਗਰਿਕ ਵੇਨੂਮਾਧਵ ਡੋਂਗਰਾ ਅਤੇ ਅਜੈ ਮਿਸਤਰੀ ਦੇ ਨਾਮ ਵੀ ਇਸ ਸੂਚੀ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਅਮਰੀਕਾ ਨੇ ਰੋਕਿਆ ਸੀ। ਸੂਤਰਾਂ ਨੇ ਦੱਸਿਆ ਕਿ ਇਸ ਸਾਲ ਵੀ ਪਾਕਿਸਤਾਨ ਅਜਿਹੇ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ ਤਾਂ ਜੋ ਭਾਰਤੀ ਨਾਗਰਿਕਾਂ ਵਿਰੁੱਧ ਦੋਸ਼ ਤੈਅ ਕੀਤੇ ਜਾ ਸਕਣ।
ਦੱਸ ਦੇਈਏ ਕਿ ਇਸ ਸਾਲ ਜੂਨ ਵਿੱਚ ਇੱਕ ਵੇਰਵਾ ਮਿਲਿਆ ਸੀ ਜਿਸ ਵਿੱਚ ਪਾਕਿਸਤਾਨੀ ਯੋਜਨਾ ਦਾ ਖੁਲਾਸਾ ਹੋਇਆ ਸੀ । ਇਸ ਵਿੱਚ ਭਾਰਤੀ ਨਾਗਰਿਕ ਵੇਨੂਮਾਧਵ ਡੋਂਗਰਾ ਨੂੰ ਦੋਸ਼ੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਡੋਂਗਰਾ ਅਫਗਾਨਿਸਤਾਨ ਵਿੱਚ ਇੱਕ ਭਾਰਤੀ ਨਿਰਮਾਣ ਕੰਪਨੀ ਵਿੱਚ ਇੰਜੀਨੀਅਰ ਹੈ। ਪਾਕਿਸਤਾਨ ਦੀ ਇਸ ਕੋਸ਼ਿਸ਼ ਨੂੰ ਅਮਰੀਕਾ ਨੇ UNSC ਵਿੱਚ ਅਸਫਲ ਕਰ ਦਿੱਤਾ ਸੀ। ਪਾਕਿਸਤਾਨ ਨੇ ਭਾਰਤ ਦੇ ਚਾਰ ਨਾਗਰਿਕਾਂ ‘ਤੇ ਅੱਤਵਾਦੀ ਹਮਲੇ ਦਾ ਦੋਸ਼ ਲਗਾਇਆ ਹੈ ਅਤੇ ਇਸ ਕਦਮ ਨੂੰ ਚੀਨ ਦਾ ਸਮਰਥਨ ਮਿਲਿਆ ਹੈ।