231 new cases of corona : ਜਲੰਧਰ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਇਸੇ ਕਹਿਰ ਦੌਰਾਨ ਜ਼ਿਲ੍ਹੇ ਵਿੱਚ ਅੱਜ ਜਿਥੇ ਕੋਰੋਨਾ 231 ਮਾਮਲੇ ਸਾਹਮਣੇ ਆਏ ਹਨ, ਉਥੇ ਹੀ ਸੱਤ ਮਰੀਜ਼ਾਂ ਦੀ ਮੌਤ ਹੋ ਗਈ। ਹੁਣ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 7176 ਤੱਕ ਪਹੁੰਚ ਗਿਆ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 189 ਹੋ ਗਈ ਹੈ।
ਦੱਸਣਯੋਗ ਹੈ ਕਿ ਅੱਜ ਸਾਹਮਣੇ ਆਏ ਮਾਮਲਿਆਂ ਵਿੱਚ ਦੋ ਨਿੱਜੀ ਕੰਪਨੀਆਂ ਦੇ 11 ਮੁਲਾਜ਼ਮ, ਸ਼ਹਿਰ ਦੇ ਮਸ਼ਹੂਰ ਉੱਦਮੀ ਸ਼ਰਦ ਅਗਰਵਾਲ ਦੀ ਪਤਨੀ, ਨਕੋਦਰ ਚੌਂਕ ਦੇ ਰਹਿਣ ਵਾਲੇ ਡਾ. ਅੰਬੁਜ ਸੂਦ, ਈਡੀ ਦੇ ਦੋ ਮੁਲਾਜ਼ਮ, ਜਵਾਹਰ ਨਵੋਦਿਆ ਵਿਦਿਆਲਾ ਦੇ ਦੋ, ਐੱਨਆਈਟੀ ਤੇ ਚਾਵਲਾ ਨਰਸਿੰਗ ਹੋਮ, ਸੈਕਰੇੱਡ ਹਾਰਟ ਹਸਪਤਾਲ ਦਾ ਇਕ-ਇਕ ਮੁਲਾਜ਼ਮ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਮਾਡਲ ਟਾਊਨ ਦੇ ਪੰਜ, ਨਕੋਦਰ ਦੇ ਸੱਤ, ਸ਼ਾਹਕੋਟ ਤੇ ਫਿਲੌਰ ਤੋਂ ਦਸ-ਦਸ ਅਤੇ ਮਾਡਲ ਹਾਊਸ ਤੋਂ ਵੀ 6 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ।
ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਜ਼ਿਲ੍ਹੇ ਵਿਚੋਂ ਹੁਣ ਤੱਕ ਕੁਲ 67806 ਲੋਕਾਂ ਦੀ ਸੈਂਪਲਿੰਗ ਹੋ ਚੁੱਕੀ ਹੈ ਅਤੇ ਇਨ੍ਹਾਂ ਵਿੱਚੋਂ 60919 ਦੀ ਰਿਪੋਰਟ ਨੈਗੇਟਿਵ ਆਈ ਹੈ। ਉਥੇ ਹੀ 4520 ਲੋਕ ਹੁਣ ਤੱਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਵੀ ਜ਼ਿਲ੍ਹੇ ਵਿਚ ਕੋਰੋਨਾ ਦੇ 178 ਮਾਮਲੇ ਸਾਹਮਣੇ ਆਏ ਸਨ ਅਤੇ ਮਹਿਤਪੁਰ ਦੇ ਪਿੰਡ ਆਦਰਾਮਾਨ ਦੇ ਅਕਾਲੀ ਨੇਤਾ ਸਣੇ ਸੱਤ ਲੋਕਾਂ ਦੀ ਮੌਤ ਹੋ ਗਈ। ਬੀਤੇ ਦਿਨ ਜਲੰਧਰ ਕੈਂਟ ਤੋਂ 23 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ। ਉਥੇ ਹੀ ਜ਼ਿਲ੍ਹੇ ਵਿਚ 136 ਮਰੀਜ਼ਾਂ ਨੂੰ ਠੀਕ ਹੋਣ ’ਤੇ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦੇ ਕੇ ਘਰ ਵਿੱਚ ਆਈਸੋਲੇਸ਼ਨ ਲਈ ਰਵਾਨਾ ਕੀਤਾ ਗਿਆ।