The Captain and the : ਅੱਜ 5 ਸਤੰਬਰ ਯਾਨੀ ਅਧਿਆਪਕ ਦਿਵਸ ਹੈ। ਅਧਿਆਪਕ ਦਿਵਸ ਭਾਰਤ ਦੇ ਸਵ. ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਣਨ ਦੇ ਸਨਮਾਨ ਵਿੱਚ ਹਰੇਕ ਸਾਲ ਉਨ੍ਹਾਂ ਦੇ ਜਨਮ ਦਿਨ ‘ਤੇ ਮਨਾਇਆ ਜਾਂਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਧਿਆਪਕ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਅਧਿਆਪਕ ਦਾ ਹਰੇਕ ਵਿਅਕਤੀ ਦੇ ਜੀਵਨ ‘ਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇੱਕ ਅਧਿਆਪਕ ਹੀ ਵਿਦਿਆਰਥੀ ਦੇ ਜੀਵਨ ਨੂੰ ਚੰਗੀ ਸੇਧ ਦਿੰਦਾ ਹੈ। ਨਾਲ ਹੀ ਮੁੱਖ ਮੰਤਰੀ ਨੇ ਕੋਰੋਨਾ ਕਾਲ ਦੌਰਾਨ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਏ ਜਾਣ ਦੇ ਕਦਮ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਸੀਂ ਇਸ ਉਪਰਾਲੇ ਲਈ ਅਧਿਆਪਕਾਂ ਦੇ ਧੰਨਵਾਦੀ ਹਾਂ।
ਸਿੱਖਿਆ ਮੰਤਰੀ ਨੇ ਸੰਦੇਸ਼ ਦਿੱਤਾ ਕਿ ਆਉ ਇਸ ਸ਼ੁੱਭ ਮੌਕੇ ਨੂੰ ਪੂਰੇ ਉਤਸ਼ਾਹ ਨਾਲ ਮਨਾਈਏ ਅਤੇ ਪ੍ਰਣ ਲਈਏ ਕਿ ਕੋਵਿਡ-19 ਦੇ ਮੁਸ਼ਕਲ ਸਮੱਸਿਆ ਦੌਰਾਨ ਬੱਚਿਆਂ ਨੂੰ ਹੋਰ ਵਧੀਆ ਢੰਗ ਨਾਲ ਆਨਲਾਈਨ ਤਰੀਕਿਆਂ ਰਾਹੀਂ ਨੈਤਿਕ ਸਿੱਖਿਆ ਦੇਣ ਉਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਅਧਿਆਪਕਾਂ ਦੀਆਂ ਲਾਮਿਸਾਲ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਸਿੰਗਲਾ ਨੇ ਕਿਹਾ ਕਿ ਇਹ ਅਧਿਆਪਕ ਦਿਵਸ ਅਹਿਮ ਹੈ ਕਿਉਂਕਿ ਇਹ ਅਜਿਹੇ ਸਮੇਂ ਆਇਆ ਹੈ, ਜਦੋਂ ਅਧਿਆਪਕ ਸਿੱਖਿਆ ਦੇ ਰਵਾਇਤੀ ਮਾਧਿਅਮਾਂ ਨੂੰ ਛੱਡ ਕੇ ਡਿਜੀਟਲ ਤੇ ਆਨਲਾਈਨ ਸਿੱਖਿਆ ਦੇ ਨਵੇਂ ਮਾਧਿਅਮਾਂ ਰਾਹੀਂ ਬੱਚਿਆਂ ਦੀ ਸਿੱਖਿਆ ਵਿੱਚ ਲਗਾਤਾਰਤਾ ਨੂੰ ਯਕੀਨੀ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਦਿਨ-ਰਾਤ ਇੱਕ ਕਰ ਕੇ ਸੂਬੇ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਨਵੇਂ ਢੰਗ-ਤਰੀਕੇ ਸਿੱਖ ਰਹੇ ਹਨ।
ਸਿੱਖਿਆ ਮੰਤਰੀ ਨੇ ਕਿਹਾ ਕਿ ਅਧਿਆਪਕ ਹੀ ਹਰੇਕ ਵਿਦਿਆਰਥੀ ਦੇ ਜੀਵਨ ਦੇ ਚੰਗੇ ਮਾਰਗ ਦਰਸ਼ਕ ਹੁੰਦੇ ਹਨ ਤੇ ਬੱਚਿਆਂ ਵਿੱਚ ਨੈਤਿਕ ਗੁਣ ਵੀ ਅਧਿਆਪਕ ਦੁਆਰਾ ਹੀ ਪੈਦਾ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਸਦਕਾ ਹੀ ਅੱਜ ਸਕੂਲ ਤੇ ਕਾਲਜ ਬੰਦ ਹੋਣ ‘ਤੇ ਵੀ ਵਿਦਿਆਰਥੀ ਆਨਲਾਈਨ ਕਲਾਸਾਂ ਰਾਹੀਂ ਸਿੱਖਿਆ ਹਾਸਲ ਕਰ ਰਹੇ ਹਨ ਤੇ ਵਿਦਿਆਰਥੀਆਂ ਦੀ ਹਰ ਸਮੱਸਿਆ ਦਾ ਹੱਲ ਲੱਭਣ ਦੀ ਅਧਿਆਪਕ ਪੂਰੀ ਕੋਸ਼ਿਸ਼ ਕਰ ਰਹੇ ਹਨ।