Donald trump says PM Modi: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਬਾਰਾ ਜਿੱਤ ਹਾਸਿਲ ਕਰਨ ਲਈ ਜ਼ੋਰ-ਸ਼ੋਰ ਨਾਲ ਮੁਹਿੰਮ ਚਲਾ ਰਹੇ ਹਨ । ਭਾਰਤੀ-ਅਮਰੀਕੀ ਭਾਈਚਾਰੇ ਨੂੰ ਲੁਭਾਉਣ ਦੀ ਕੋਸ਼ਿਸ਼ ਵਿੱਚ ਸ਼ੁੱਕਰਵਾਰ ਨੂੰ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੂੰ ਆਪਣਾ ਚੰਗਾ ਮਿੱਤਰ ਅਤੇ ਮਹਾਨ ਨੇਤਾ ਦੱਸਿਆ । ਇੰਨਾ ਹੀ ਨਹੀਂ, ਉਨ੍ਹਾਂ ਨੇ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਵਿੱਚ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੋਨਾਲਡ ਟਰੰਪ ਨੇ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਮੇਰੇ ਦੋਸਤ ਹਨ ਅਤੇ ਉਹ ਵਧੀਆ ਕੰਮ ਕਰ ਰਹੇ ਹਨ। ਇਹ ਸੌਖਾ ਨਹੀਂ ਹੈ, ਪਰ ਉਹ ਇੱਕ ਵਧੀਆ ਕੰਮ ਕਰ ਰਹੇ ਹਨ। ਟਰੰਪ ਨੇ ਭਾਰਤੀ ਭਾਈਚਾਰੇ ਨੂੰ ਕਿਹਾ, “ਤੁਹਾਨੂੰ ਇੱਕ ਮਹਾਨ ਨੇਤਾ ਮਿਲਿਆ ਹੈ ਅਤੇ ਤੁਹਾਨੂੰ ਇੱਕ ਮਹਾਨ ਵਿਅਕਤੀ ਮਿਲਿਆ ਹੈ।”
ਚੀਨ ਬਾਰੇ ਟਰੰਪ ਨੇ ਕਿਹਾ ਮੌਜੂਦਾ ਸਮੇਂ ਵਿੱਚ ਚੀਨ ਅਜਿਹਾ ਦੇਸ਼ ਹੈ, ਜਿਸਦੀ ਚਰਚਾ ਰੂਸ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਹੈ ਕਿਉਂਕਿ ਚੀਨ ਜੋ ਕਰ ਰਿਹਾ ਹੈ ਉਹ ਬਹੁਤ ਮਾੜਾ ਹੈ। ਟਰੰਪ ਨੇ ਇੱਕ ਵਾਰ ਫਿਰ ਕੋਰੋਨਾ ਵਾਇਰਸ ‘ਤੇ ਤੰਜ ਕਸਦਿਆਂ ਇਸ ਨੂੰ ਚੀਨ ਦਾ ਵਾਇਰਸ ਕਰਾਰ ਦਿੱਤਾ ਅਤੇ ਕਿਹਾ ਕਿ ਦੁਨੀਆ ਨੂੰ ਦੇਖਣਾ ਚਾਹੀਦਾ ਹੈ ਕਿ ਚੀਨ ਨੇ ਵਾਇਰਸ ਬਾਰੇ ਕੀ ਕੀਤਾ। ਉਸ ਨੇ ਦੁਨੀਆ ਦੇ 188 ਦੇਸ਼ਾਂ ਨਾਲ ਕੀ ਕੀਤਾ ਹੈ ਇਹ ਵੇਖਣਾ ਚਾਹੀਦਾ ਹੈ।
ਟਰੰਪ ਨੇ ਕਿਹਾ ਕਿ ਇਹ ਸਥਿਤੀ ਗੰਭੀਰ ਹੈ ਅਤੇ ਅਸੀਂ ਭਾਰਤ ਅਤੇ ਚੀਨ ਦੀ ਸਹਾਇਤਾ ਲਈ ਖੜੇ ਹਾਂ। ਜੇ ਅਸੀਂ ਕੁਝ ਕਰ ਸਕਦੇ ਹਾਂ, ਤਾਂ ਅਸੀਂ ਦੋਵਾਂ ਦੀ ਮਦਦ ਕਰਕੇ ਖੁਸ਼ ਹੋਵਾਂਗੇ। ਟਰੰਪ ਨੇ ਕਿਹਾ ਕਿ ਉਹ ਭਾਰਤ-ਚੀਨ ਤਣਾਅ ਦੇ ਮੁੱਦੇ ‘ਤੇ ਦੋਵਾਂ ਦੇਸ਼ਾਂ ਨਾਲ ਗੱਲਬਾਤ ਕਰ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ,“ ਸਾਨੂੰ ਭਾਰਤ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਬਹੁਤ ਸਮਰਥਨ ਮਿਲਿਆ ਹੈ। ਮੈਨੂੰ ਲਗਦਾ ਹੈ ਕਿ ਭਾਰਤੀ ਲੋਕ ਵੀ ਮੈਨੂੰ ਵੋਟ ਦੇਣਗੇ । ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਹੀ, ਮੈਂ ਕਿਹਾ ਸੀ ਕਿ ਉਥੋਂ ਦੇ ਲੋਕ ਬਹੁਤ ਭਰੋਸੇਮੰਦ ਹਨ।