235 new cases of corona : ਜਲੰਧਰ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਸ਼ਨੀਵਾਰ ਨੂੰ ਜ਼ਿਲ੍ਹੇ ਵਿੱਚ ਕੋਰੋਨਾ ਦੇ 235 ਨਵੇਂ ਮਾਮਲੇ ਆਏ, ਉਥੇ ਹੀ 6 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਛੇ ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਨਵੇਂ ਸਾਹਮਣੇ ਆਏ ਮਾਮਲਿਆਂ ਨਾਲ ਹੁਣ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 7606 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਮਰਨ ਵਾਲਿਆਂ ਵਿੱਚ ਨਿਊ ਮਾਡਲ ਹਾਊਸ ਨਿਵਾਸੀ 78 ਸਾਲਾ ਵਿਅਕਤੀ, ਨਿਊ ਦਸ਼ਮੇਸ਼ ਨਗਰ ਦਾ 73 ਸਾਲਾ ਵਿਅਕਤੀ, ਮੁਹੱਲਾ ਗੋਵਿੰਦਗੜ੍ਹ ਦਾ 71 ਸਾਲਾ ਵਿਅਕਤੀ ਸ਼ਾਮਲ ਹੈ। ਇਸ ਤੋਂ ਇਲਾਵਾ ਅਰਬਨ ਅਸਟੇਟ ਮੁਹੱਲਾ ਨੰਬਰ 1, ਜਲੰਧਰ ਕੈਂਟ ਤੇ ਜਲੰਧਰ ਹਾਈਟਸ ਵਿੱਚ ਵੀ ਇਕ-ਇਕ ਮੌਤ ਹੋ ਗਈ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਵੀ ਜ਼ਿਲ੍ਹੇ ਵਿਚ ਕੋਰੋਨਾ ਦੇ 206 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਸਾਂਪਲਾ ਦੇ ਬੇਟੇ ਸਾਹਿਲ ਸਾਂਪਲਾ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਸੀ। ਉਥੇ ਹੀ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਰਾਹਤ ਵਾਲੀ ਗੱਲ ਇਹ ਰਹੀ ਕਿ ਬੀਤੇ ਦਿਨ 465 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਅਤੇ 97 ਨੂੰ ਹਸਪਤਾਲੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਇਧਰ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਉਥੇ ਹੀ ਸਿਵਲ ਹਸਪਤਾਲ ਵਿੱਚ ਕੋਰੋਨਾ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਲਾਪਰਵਾਹੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸਿਵਲ ਹਸਪਤਾਲ ਤੋਂ ਇਲਾਜ ਕਰਵਾ ਕੇ ਪਰਤੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਹਨ ਕਿ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਦੀ ਡੋਰ ਜੂਨੀਅਰ ਡਾਕਟਰਾਂ ਨੂੰ ਸੌਂਪੀ ਗਈ ਹੈ ਅਤੇ ਦਿਨ ਵਿੱਚ ਇਕ-ਦੋ ਵਾਰ ਹੀ ਮਰੀਜ਼ ਦੀ ਸਾਰ ਲੈਣ ਆਉਂਦੇ ਹਨ। ਇਸ ਬਾਰੇ ਸਿਵਲ ਹਸਪਤਾਲ ਦੇ ਕਾਰਜਕਾਰੀ ਐੱਮਐੱਸ ਡਾ. ਚੰਨਜੀਵ ਸਿੰਘ ਦਾ ਕਹਿਣਾ ਹੈ ਕਿ ਵਾਰਡ ਵਿੱਚ ਪੂਰਾ ਅਨੁਸ਼ਾਸਨ ਰੱਖਿਆ ਜਾ ਰਿਹਾ ਹੈ। ਸੀਨੀਅਰ ਡਾਕਟਰ ਦਿਨ ਵਿੱਚ ਦੋ ਵਾਰ ਰਾਊਂਡ ਕਰਨ ਜਾ ਰਹੇ ਹਨ। ਵਿਭਾਗ ਵੱਲੋਂ ਰੂਰਲ ਮੈਡੀਕਲ ਅਫਸਰ ਦੀਆਂ ਵਾਰਡ ਵਿੱਚ ਡਿਊਟੀਆਂ ਲਗਾਈਆਂ ਗਈਆਂ ਹਨ ਜੋ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਨ।