Five persons abducted by Chinese Army: ਨਵੀਂ ਦਿੱਲੀ: ਭਾਰਤੀ ਸੈਨਾ ਨੇ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬੰਸਰੀ ਜ਼ਿਲੇ ਵਿੱਚ ਪੰਜ ਲੋਕਾਂ ਨੂੰ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੇ ਜਵਾਨਾਂ ਵਲੋਂ ਅਗਵਾ ਕਰਨ ਦਾ ਮੁੱਦਾ ਚੀਨੀ ਫੌਜ ਕੋਲ ਉਠਾਇਆ ਹੈ। ਸੂਤਰਾਂ ਨੇ ਦੱਸਿਆ ਕਿ ਖੇਤਰ ਵਿੱਚ ਤੈਨਾਤ ਆਰਮੀ ਨੇ ਹਾਟਲਾਈਨ ‘ਤੇ ਸੁਨੇਹਾ ਭੇਜਿਆ ਹੈ ਤਾਂ ਜੋ ਪੀਐਲਏ ਨੂੰ ਕਥਿਤ ਅਗਵਾ ਬਾਰੇ ਉਨ੍ਹਾਂ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ। ਅਰੁਣਾਚਲ ਪ੍ਰਦੇਸ਼ ਤੋਂ ਪੰਜ ਲੋਕਾਂ ਦੇ ਅਗਵਾ ਹੋਣ ਦੀ ਖ਼ਬਰ ਅਜਿਹੇ ਸਮੇਂ ਆਈ ਜਦੋਂ ਭਾਰਤੀ ਫੌਜ ਨੇ ਦੋਹਾਂ ਦੇਸ਼ਾਂ ਦਰਮਿਆਨ ਸਰਹੱਦੀ ਵਿਵਾਦ ਦੇ ਮੱਦੇਨਜ਼ਰ ਪੂਰਬੀ ਲੱਦਾਖ ਵਿੱਚ 3,400 ਕਿਲੋਮੀਟਰ ਦੀ ਅਸਲ ਕੰਟਰੋਲ ਰੇਖਾ ਦੇ ਨਾਲ ਆਪਣੀ ਤਾਇਨਾਤੀ ਵਧਾ ਦਿੱਤੀ ਹੈ। ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਰਅਸਲ, ਸਾਬਕਾ ਕੇਂਦਰੀ ਮੰਤਰੀ ਅਤੇ ਅਰੁਣਾਚਲ ਪ੍ਰਦੇਸ਼ ਕਾਂਗਰਸ ਦੇ ਵਿਧਾਇਕ ਨੀਨੋਂਗ ਏਰਿੰਗ ਨੇ ਦਾਅਵਾ ਕੀਤਾ ਹੈ ਕਿ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਤੋਂ ਚੀਨੀ ਸੈਨਾ ਨੇ ਪੰਜ ਲੋਕਾਂ ਨੂੰ ਅਗਵਾ ਕਰ ਲਿਆ ਹੈ। ਏਰਿੰਗ ਨੇ ਕਿਹਾ, ਚੀਨੀ ਫੌਜ ਨੇ ਸੁਬਾਸਿਰੀ ਜ਼ਿਲ੍ਹੇ ਦੇ ਪੰਜ ਲੋਕਾਂ ਨੂੰ ਅਗਵਾ ਕਰ ਲਿਆ ਹੈ। ਕੇਂਦਰ ਸਰਕਾਰ ਨੂੰ ਜਲਦੀ ਹੀ ਇਸ ਮਾਮਲੇ ਵਿੱਚ ਦਖਲ ਦੇਣਾ ਪਏਗਾ ਅਤੇ ਪੰਜਾਂ ਲੋਕਾਂ ਨੂੰ ਬਚਾਉਣਾ ਪਏਗਾ। ਵਿਧਾਇਕ ਨੀਨੋਂਗ ਏਰਿੰਗ ਨੇ ਆਪਣੇ ਇੱਕ ਬਿਆਨ ‘ਚ ਕਿਹਾ, “ਲੱਦਾਖ ਸਰਹੱਦ ‘ਤੇ ਭਾਰਤ ਅਤੇ ਚੀਨ ਦਰਮਿਆਨ ਤਣਾਅ ਜਾਰੀ ਹੈ, ਇਸ ਲਈ ਚੀਨ ਭਾਰਤ ਦਾ ਧਿਆਨ ਉਥੋਂ ਹਟਾਉਣ ਲਈ ਅਰੁਣਾਚਲ ਪ੍ਰਦੇਸ਼ ਸਰਹੱਦ ‘ਤੇ ਹਰਕਤ ਕਰ ਰਿਹਾ ਹੈ। ਚੀਨ ਹੁਣ ਅਰੁਣਾਚਲ ਪ੍ਰਦੇਸ਼ ਵਿੱਚ ਹਾਵੀ ਹੋਣਾ ਚਾਹੁੰਦਾ ਹੈ। ਹੁਣ ਚੀਨ ਨੂੰ ਸਖਤ ਜਵਾਬ ਦੇਣ ਦੀ ਲੋੜ ਹੈ। ਕੁੱਝ ਮਹੀਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ, ਪਰ ਬਾਅਦ ਵਿੱਚ ਚੀਨ ਨੇ ਇਸਨੂੰ ਰਿਲੀਜ਼ ਕਰ ਦਿੱਤਾ ਸੀ।”