Pfizer BioNTech coronavirus vaccine: ਵਾਸ਼ਿੰਗਟਨ: ਕੋਰੋਨਾ ਦੀ ਲਾਗ ਨੂੰ ਦੂਰ ਕਰਨ ਲਈ ਵੈਕਸੀਨ ਨਿਰਮਾਣ ਦਾ ਕੰਮ ਜ਼ੋਰਾਂ-ਸ਼ੋਰਾਂ ‘ਤੇ ਹੈ। ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਅਤੇ ਜਰਮਨ ਫਰਮ ਬਾਇਓਨੋਟੈਕ ਨੇ ਭਵਿੱਖਬਾਣੀ ਕੀਤੀ ਹੈ ਕਿ ਕੋਰੋਨਾ ਵੈਕਸੀਨ ਅਕਤੂਬਰ ਦੇ ਅਖੀਰ ਵਿੱਚ ਜਾਂ ਨਵੰਬਰ ਦੇ ਸ਼ੁਰੂ ਵਿੱਚ ਉਪਲਬਧ ਹੋ ਜਾਵੇਗਾ। ਇਹ ਭਵਿੱਖਬਾਣੀ ਬਾਇਓਨਟੈਕ ਦੇ ਸੀਈਓ ਅਤੇ ਸਹਿ-ਸੰਸਥਾਪਕ ਉਗੂਰ ਸਾਹਿਨ ਨੇ ਇੱਕ ਨਿਜੀ ਨਿਊਜ਼ ਚੈਨਲ ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਕੀਤੀ।
ਕੰਪਨੀ ਨੇ ਵੈਕਸੀਨ ‘ਤੇ ਵਿਸ਼ਵਾਸ ਜ਼ਾਹਿਰ ਕਰਦਿਆਂ ਕਿਹਾ, “ਹਾਂ, ਸਾਨੂੰ ਵਿਸ਼ਵਾਸ ਹੈ ਕਿ ਸਾਡੇ ਕੋਲ ਸੁਰੱਖਿਅਤ ਉਤਪਾਦ ਹੈ ਅਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਸਦਾ ਅਸਰ ਪਵੇਗਾ। ਸਾਨੂੰ ਵਾਰ-ਵਾਰ ਬੁਖਾਰ ਦੇ ਲੱਛਣ ਨਹੀਂ ਦਿਖੇ ਹਨ । ਇਸ ਪ੍ਰੀਖਣ ਵਿੱਚ ਭਾਗ ਲੈਣ ਵਾਲੇ ਮਾਮੂਲੀ ਅਨੁਪਾਤ ਵਿੱਚ ਹੀ ਬੁਖਾਰ ਦਿਖਾਈ ਦਿੱਤਾ ਹੈ। ਅਸੀਂ ਸਿਰ ਦਰਦ ਅਤੇ ਥਕਾਣ ਮਹਿਸੂਸ ਹੋਣ ਵਰਗੇ ਘੱਟ ਲੱਛਣ ਵੀ ਵੇਖੇ ਹਨ। ਅਤੇ ਜੋ ਲੱਛਣ ਇਸ ਵੈਕਸੀਨ ਨਾਲ ਦੇਖੇ ਜਾਂਦੇ ਹਨ ਉਹ ਅਸਥਾਈ ਹੁੰਦੇ ਹਨ। ਉਹ ਆਮ ਤੌਰ ‘ਤੇ ਇੱਕ ਜਾਂ ਦੋ ਦਿਨ ਲਈ ਵੇਖੇ ਜਾਂਦੇ ਹਨ ਤੇ ਫਿਰ ਚਲੇ ਜਾਂਦੇ ਹਨ।”
ਦਰਅਸਲ, ਫਾਈਜ਼ਰ ਅਤੇ ਬਾਇਓਨੋਟੈਕ ਨੇ ਇਸ ਸਾਲ ਦੇ ਅੰਤ ਤੱਕ ਬੀ.ਐੱਨ.ਟੀ.-162 ਲਈ 10 ਕਰੋੜ ਖੁਰਾਕਾਂ ਅਤੇ 2021 ਤੱਕ 130 ਕਰੋੜ ਖੁਰਾਕਾਂ ਬਣਾਉਣ ਦਾ ਟੀਚਾ ਮਿੱਥਿਆ ਹੈ। ਜੁਲਾਈ ਵਿੱਚ ਅਮਰੀਕੀ ਸਿਹਤ ਵਿਭਾਗ ਅਤੇ ਰੱਖਿਆ ਵਿਭਾਗ ਨੇ ਕੋਵਿਡ-19 ਵੈਕਸੀਨ ਦੀਆਂ 10 ਕਰੋੜ ਖੁਰਾਕਾਂ ਤਿਆਰ ਕਰਨ ਲਈ ਫਾਈਜ਼ਰ ਨਾਲ 1.95 ਬਿਲੀਅਨ ਡਾਲਰ ਦੇ ਸਮਝੌਤੇ ‘ਤੇ ਦਸਤਖਤ ਕੀਤੇ ਸਨ। ਅਮਰੀਕੀ ਸਰਕਾਰ ਸਮਝੌਤੇ ਦੇ ਤਹਿਤ ਵੈਕਸੀਨ ਦੀਆਂ ਹੋਰ 500 ਮਿਲੀਅਨ ਖੁਰਾਕਾਂ ਖਰੀਦ ਸਕਦੀ ਹੈ।
ਦੱਸ ਦੇਈਏ ਕਿ ਕੋਵਿਡ ਵੈਕਸੀਨ ਦੇ ਵਿਕਾਸ ਵਿੱਚ ਫਾਈਜ਼ਰ ਦਾ ਮੁਕਾਬਲਾ ਐਸਟਰਾਜ਼ੇਨੇਕਾ, ਜਾਨਸਨ ਐਂਡ ਜਾਨਸਨ, ਮੋਡੇਰਨਾ ਅਤੇ ਸਨੋਫੀ ਦੇ ਨਾਲ ਹੈ। ਫਾਈਜ਼ਰ ਅਤੇ ਬਾਇਓਟੈਕ ਦੀ ਵੈਕਸੀਨ ਵਿੱਚ ਵਾਇਰਸ ਦੇ ਜੈਨੇਟਿਕ ਕੋਡ ਦੀ ਵਰਤੋਂ ਕੀਤੀ ਗਈ ਹੈ। ਜਿਸਨੂੰ ਮੈਸੇਂਜਰ RNA ਜਾਂ mRNA ਕਿਹਾ ਜਾਂਦਾ ਹੈ। ਇਹ ਸਰੀਰ ਨੂੰ ਕੋਰੋਨਾ ਵਾਇਰਸ ਦੀ ਪਛਾਣ ਲਈ ਸਿਖਲਾਈ ਦਿੰਦਾ ਹੈ। ਸਰੀਰ ਵਿਚ ਕੋਰੋਨਾ ਵਾਇਰਸ ਦੇ ਹਮਲੇ ਤੋਂ ਇਮਿਊਨ ਪ੍ਰਤਿਕ੍ਰਿਆ ਪੈਦਾ ਹੁੰਦੀ ਹੈ।