Son-in-law kills : ਜਲੰਧਰ ਵਿਖੇ ਦਿਨ ਦਿਹਾੜੇ ਇੱਕ ਜਵਾਈ ਵੱਲੋਂ ਸਰਜੀਕਲ ਬਲੇਡ ਨਾਲ ਪੁਲਿਸ ਮੁਲਾਜ਼ਮ ਸਹੁਰੇ ਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਬਾਬਾ ਗਾਰਾ ਰਾਮ ਪੁੱਤਰ ਫੋੜੂ ਰਾਮ ਪਿੰਡ ਨਾਗਰਾ ਦੇ ਨੇੜੇ ਸ਼ਿਵ ਨਗਰ ਦਾ ਰਹਿਣ ਵਾਲਾ ਸੀ। ਜਦੋਂ ਮੁਲਜ਼ਮ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਸਮੇਂ ਮ੍ਰਿਤਕ ਆਪਣੇ ਲਈ ਬਾਜ਼ਾਰ ‘ਚੋਂ ਚਿਕਨ ਤੇ ਸਬਜ਼ੀਆਂ ਖਰੀਦਣ ਜਾ ਰਿਹਾ ਸੀ। ਰਸਤੇ ‘ਚ ਹੀ ਦਾਮਾਦ ਨੇ ਰੇਕੀ ਕਰਕੇ ਸਹੁਰੇ ਨੂੰ ਮਾਰ ਦਿੱਤਾ। ਮਾਮਲੇ ਨੂੰ ਲੈ ਕੇ ਪੁਲਿਸ ਉਸ ਸਮੇਂ ਮੌਕੇ ‘ਤੇ ਪੁੱਜੀ ਪਰ ਉਦੋਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਸ਼ਿਵ ਨਗਰ ਦੀ ਰਹਿਣ ਵਾਲੀ ਪੀੜਤ ਰੋਸ਼ਨੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਕਿਹਾ ਕਿ ਉਸ ਦੇ ਪਿਤਾ ਗਾਰਾ ਰਾਮ ਹੋਮ ਗਾਰਡ ਦੇ ਤੌਰ ‘ਤੇ ਕਾਫੀ ਥਾਣਿਆਂ ‘ਚ ਕੰਮ ਕਰ ਚੁੱਕੇ ਹਨ। ਅੱਜਕਲ ਉਹ ਪੁਲਿਸ ਲਾਈਨ ‘ਚ ਤਾਇਨਾਤ ਸਨ। ਉਸ ਦੀ ਇਸੇ ਸਾਲ 12 ਮਾਰਚ ਨੂੰ ਗੁਰੂ ਅਮਰਦਾਸ ਦੇ ਰਹਿਣ ਵਾਲੇ ਰਵੀ ਨਾਲ ਵਿਆਹ ਹੋਇਆ ਸੀ। ਉਸ ਦਾ ਪਤੀ ਸਰਜੀਕਲ ਇਕਵੂਪਮੈਂਟਸ ਦਾ ਕਾਰੋਬਾਰ ਕਰਦਾ ਸੀ। ਵਿਆਹ ਦੇ ਕੁਝ ਦਿਨ ਬਾਅਦ ਹੀ ਰਵੀ ਉਸ ਨੂੰ ਨਸ਼ੇ ‘ਚ ਮਾਰਨ ਕੁੱਟਣ ਲੱਗਾ ਜਿਸ ਤੋਂ ਬਾਅਦ ਉਸ ਨੇ ਇਹ ਸਾਰਾ ਕੁਝ ਆਪਣੇ ਪੇਕੇ ਪਰਿਵਾਰ ਨੂੰ ਦੱਸਿਆ। ਕਾਫੀ ਲੜਾਈ ਝਗੜਾ ਹੋਣ ਕਾਰਨ ਉਹ ਆਪਣੇ ਪੇਕੇ ਆ ਗਈ ਅਤੇ ਪਿਤਾ ਨੇ ਮਹਿਲਾ ਮੰਡਲ ‘ਚ ਪਤੀ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਜਿਸ ਦਾ ਬਦਲਾ ਲੈਣ ਲਈ ਪਤੀ ਨੇ ਉਸ ਦੇ ਪਿਤਾ ਨੂੰ ਧਮਕੀਆਂ ਦਿੱਤੀਆਂ ਸਨ ਕਿ ਉਹ ਉਨ੍ਹਾਂ ਨੂੰ ਮਾਰ ਦੇਵੇਗਾ।
ਰੌਸ਼ਨੀ ਨੇ ਦੱਸਿਆ ਕਿ ਪਿਤਾ ਨੂੰ ਰਵੀ ਨੇ ਕਿਹਾ ਸੀ ਕਿ ਅੱਜ ਡਿਨਰ ਬਾਹਰ ਦਾ ਕਰਨਾ ਹੈ ਇਸ ਲਈ ਪਿਤਾ ਚਿਕਨ ਤੇ ਸਬਜ਼ੀਆਂ ਲੈਣ ਬਾਜ਼ਾਰ ਚਲਾ ਗਿਆ ਤੇ ਕਿਹਾ ਕਿ ਤੂੰ ਚਾਹ ਬਣਾ ਕੇ ਰੱਖ ਮੈਂ 10 ਮਿੰਟ ‘ਚ ਆਉਂਦਾ ਹਾਂ। ਉਨ੍ਹਾਂ ਨੂੰ ਕੀ ਪਤਾ ਸੀ ਕਿ ਪਿਤਾ ਵਾਪਸ ਨਹੀਂ ਆਉਣਗੇ ਸਗੋਂ ਉਲਟਾ ਉਨ੍ਹਾਂ ਦੀ ਲਾਸ਼ ਆਏਗੀ। ਉਨ੍ਹਾਂ ਦੇ ਘਰ ਫੁੱਫੜ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜ਼ਖਮੀ ਹਾਲਤ ‘ਚ ਨਹਿਰ ਦੇ ਕੋਲ ਪਏ ਹਨ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਫੋਨ ਕੀਤਾ ਤੇ ਦੇਖਿਆ ਕਿ ਪਿਤਾ ਦੇ ਪੇਟ ‘ਚ ਸਰਜੀਕਲ ਬਲੇਡ ਨਾਲ ਵਾਰ ਕੀਤਾ ਗਿਆ ਸੀ ਅਤੇ ਦੋਸ਼ੀ ਪਤੀ ਰਵੀ ਉਥੋਂ ਫਰਾਰ ਸੀ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।