petrol diesel prices 18 september: ਨਵੀਂ ਦਿੱਲੀ: ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੇ ਵਾਧੇ ਦੇ ਬਾਵਜੂਦ ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਦੂਜੇ ਦਿਨ ਭਾਰੀ ਗਿਰਾਵਟ ਦਰਜ ਕੀਤੀ ਗਈ। ਇਨ੍ਹਾਂ ਦੋ ਦਿਨਾਂ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਪੈਟਰੋਲ 41 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ, ਜਦੋਂਕਿ ਡੀਜ਼ਲ ਦੀ ਕੀਮਤ ਵਿੱਚ 54 ਪੈਸੇ ਪ੍ਰਤੀ ਲੀਟਰ ਦੀ ਕਮੀ ਆਈ ਹੈ। ਇਸ ਗਿਰਾਵਟ ਨੇ ਗਾਹਕਾਂ ਨੂੰ ਥੋੜੀ ਰਾਹਤ ਦਿੱਤੀ ਹੈ। ਦੂਜੇ ਪਾਸੇ, ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ ਵਿੱਚ ਲਗਾਤਾਰ ਪੰਜਵੇਂ ਦਿਨ ਵੀ ਤੇਜ਼ੀ ਦਾ ਰੁਝਾਨ ਜਾਰੀ ਹੈ। ਬੈਂਚਮਾਰਕ ਕਰੂਡ ਬਰੈਂਟ ਕਰੂਡ ਦੀ ਕੀਮਤ ਇਨ੍ਹਾਂ ਪੰਜ ਦਿਨਾਂ ਵਿੱਚ ਲੱਗਭਗ ਚਾਰ ਡਾਲਰ ਪ੍ਰਤੀ ਬੈਰਲ ਵਧੀ ਹੈ। ਤੇਲ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ ਦਿੱਲੀ ‘ਚ 26 ਪੈਸੇ, ਕੋਲਕਾਤਾ-ਮੁੰਬਈ ਵਿੱਚ 25 ਪੈਸੇ ਅਤੇ ਚੇਨਈ ‘ਚ 23 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵਿੱਚ ਦਿੱਲੀ ਅਤੇ ਕੋਲਕਾਤਾ ‘ਚ 35 ਪੈਸੇ, ਮੁੰਬਈ ਵਿੱਚ 37 ਪੈਸੇ ਅਤੇ ਚੇਨਈ ‘ਚ 33 ਪੈਸੇ ਦੀ ਕਟੌਤੀ ਕੀਤੀ ਗਈ ਹੈ।
ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਪੈਟਰੋਲ ਦੀ ਕੀਮਤ ਕ੍ਰਮਵਾਰ 81.14 ਰੁਪਏ, 82.67 ਰੁਪਏ, 87.82 ਰੁਪਏ ਅਤੇ 84.21 ਰੁਪਏ ਪ੍ਰਤੀ ਲੀਟਰ ‘ਤੇ ਆ ਗਈ ਹੈ। ਚਾਰ ਮਹਾਂਨਗਰਾਂ ਵਿੱਚ ਡੀਜ਼ਲ ਦੀ ਕੀਮਤ ਵੀ ਕ੍ਰਮਵਾਰ 72.02 ਰੁਪਏ, 75.52 ਰੁਪਏ, 78.48 ਰੁਪਏ ਅਤੇ 77.40 ਰੁਪਏ ਪ੍ਰਤੀ ਲੀਟਰ ‘ਤੇ ਆ ਗਈ ਹੈ। ਪੈਟਰੋਲੀਅਮ ਮੰਤਰਾਲੇ ਦੇ ਪੈਟਰੋਲੀਅਮ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਸੈੱਲ (ਪੀਪੀਏਸੀ) ਦੇ ਅੰਕੜਿਆਂ ਅਨੁਸਾਰ, ਅਗਸਤ ਮਹੀਨੇ ਵਿੱਚ ਪੈਟਰੋਲੀਅਮ ਪਦਾਰਥਾਂ ਦੀ ਵਿਕਰੀ 7.5 ਫ਼ੀਸਦੀ ਘੱਟ ਕੇ 1.43 ਕਰੋੜ ਟਨ ਰਹਿ ਗਈ ਹੈ। ਉਸੇ ਸਮੇਂ, ਇੱਕ ਸਾਲ ਪਹਿਲਾਂ ਅਗਸਤ ਦੇ ਮੁਕਾਬਲੇ ਵਿਕਰੀ ਵਿੱਚ 16 ਫ਼ੀਸਦੀ ਦੀ ਗਿਰਾਵਟ ਆਈ ਹੈ। ਅਗਸਤ ਲਗਾਤਾਰ ਛੇਵਾਂ ਮਹੀਨਾ ਹੈ ਜਦੋਂ ਕਿ ਪੈਟਰੋਲੀਅਮ ਪਦਾਰਥਾਂ ਦੀ ਵਿਕਰੀ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਘੱਟ ਗਈ ਹੈ।