Great Australian cricketer Dean Jones dies: ਆਸਟ੍ਰੇਲੀਆਈ ਕ੍ਰਿਕਟ ਦੇ ਮਹਾਨ ਖਿਡਾਰੀ ਅਤੇ ਪ੍ਰਸਿੱਧ ਕਮੈਂਟੇਟਰ ਡੀਨ ਜੋਨਸ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ ਹੈ। ਜੋਨਸ ਆਪਣੇ ਸਮੇਂ ਦੇ ਸਟਾਈਲਿਸ਼ ਕ੍ਰਿਕਟਰ ਰਹੇ ਹਨ, ਉਨ੍ਹਾਂ ਦੀ ਮੁੰਬਈ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਡੀਨ ਜੋਨਸ ਆਈਪੀਐਲ ਦੀ ਕੁਮੈਂਟਰੀ ਟੀਮ ਦਾ ਹਿੱਸਾ ਵੀ ਸਨ। ਫਿਲਹਾਲ ਉਹ ਆਈਪੀਐਲ ਵਿੱਚ ਕੁਮੈਂਟਰੀ ਕਰਨ ਲਈ ਮੁੰਬਈ ਵਿੱਚ ਸੀ। 59 ਸਾਲਾਂ ਦੇ ਡੀਨ ਜੋਨਸ ਖੇਡ ਤੋਂ ਸੰਨਿਆਸ ਲੈਣ ਤੋਂ ਬਾਅਦ ਕਮੈਂਟੇਟਰ ਬਣੇ ਸਨ। ਇੱਥੋਂ ਤੱਕ ਕਿ ਇਸ ਸਮੇਂ ਉਹ ਆਈਪੀਐਲ ਦੇ 13 ਵੇਂ ਸੀਜ਼ਨ ਲਈ ਭਾਰਤ ਵਿੱਚ ਸਨ। ਉਹ ਸਟਾਰ ਸਪੋਰਟਸ ਦੀ ਕੁਮੈਂਟਰੀ ਟੀਮ ਨਾਲ ਜੁੜੇ ਹੋਏ ਸੀ ਅਤੇ ਮੁੰਬਈ ‘ਚ ਰਹਿ ਰਹੇ ਸਨ। ਆਸਟ੍ਰੇਲੀਆ ਦੇ ਦਿੱਗਜ ਕ੍ਰਿਕਟਰ ਡੀਨ ਜੋਨਸ 1984 ਤੋਂ 1994 ਤੱਕ ਆਸਟ੍ਰੇਲੀਆਈ ਟੀਮ ਦਾ ਹਿੱਸਾ ਰਹੇ ਹਨ। ਉਨ੍ਹਾਂ ਨੇ ਆਸਟ੍ਰੇਲੀਆ ਲਈ 52 ਟੈਸਟ ਅਤੇ 164 ਵਨਡੇ ਮੈਚਾਂ ‘ਚ ਹਿੱਸਾ ਲਿਆ ਸੀ।
ਡੀਨ ਜੋਨਸ ਨੇ 52 ਟੈਸਟਾਂ ਵਿੱਚ 46.55 ਦੀ ਔਸਤ ਨਾਲ 3631 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਟੈਸਟ ਮੈਚਾਂ ਵਿੱਚ 11 ਸੈਂਕੜੇ ਅਤੇ 14 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਦਾ ਉੱਚ ਸਕੋਰ 216 ਰਿਹਾ ਹੈ। ਜੋਨਸ ਨੇ 164 ਵਨਡੇ ਮੈਚਾਂ ਵਿੱਚ 6068 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਸੱਤ ਸੈਂਕੜੇ ਅਤੇ 46 ਅਰਧ ਸੈਂਕੜੇ ਲਗਾਏ ਹਨ। ਵਨਡੇ ‘ਚ ਉਨ੍ਹਾਂ ਦਾ ਉੱਚ ਸਕੋਰ 145 ਰਿਹਾ ਹੈ। ਡੀਨ ਜੋਨਸ ਉਸ ਆਸਟ੍ਰੇਲੀਆਈ ਟੀਮ ਦਾ ਮੈਂਬਰ ਵੀ ਸੀ ਜਿਸ ਨੇ ਪਹਿਲੀ ਵਾਰ 1987 ਵਿੱਚ ਵਿਸ਼ਵ ਕੱਪ ਜਿੱਤਿਆ ਸੀ। ਆਪਣੇ ਪਹਿਲੇ ਵਿਸ਼ਵ ਕੱਪ ਟੂਰਨਾਮੈਂਟ ਵਿੱਚ ਡੀਨ ਨੇ 8 ਮੈਚਾਂ ਵਿੱਚ ਤਿੰਨ ਅਰਧ ਸੈਂਕੜਿਆਂ ਦੀ ਮਦਦ ਨਾਲ 314 ਦੌੜਾਂ ਬਣਾਈਆਂ ਸੀ। ਡੀਨ ਨੇ ਫਾਈਨਲ ਵਿੱਚ ਇੰਗਲੈਂਡ ਖ਼ਿਲਾਫ਼ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਦਿਆਂ 33 ਦੌੜਾਂ ਬਣਾਈਆਂ ਸੀ।