The farmer set fire to his tractor : ਬਰਨਾਲਾ : ਕਿਸਾਨ ਬਿੱਲਾਂ ਖਿਲਾਫ ਇਸ ਸਮੇਂ ਪੰਜਾਬ ਵਿੱਚ ਸਮੂਹ ਪਾਰਟੀਆਂ ਇਕਜੁੱਟ ਹੋ ਗਈਆਂ ਹਨ। ਬਰਨਾਲਾ ਵਿੱਚ ਜਗ੍ਹਾ-ਜਗ੍ਹਾ ਧਰਨੇ ਦਿੱਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਵਿਚ 3 ਘੰਟਿਆਂ ਲਈ ਬਠਿੰਡਾ-ਚੰਡੀਗੜ੍ਹ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਇੱਕ ਅਕਾਲੀ ਆਗੂ ਕਿਸਾਨ ਦਵਿੰਦਰ ਸਿੰਘ ਬਿਹਲਾ ਨੇ ਬਿੱਲਾਂ ਦੇ ਵਿਰੋਧ ਵਿਚ ਆਪਣੇ ਟ੍ਰੈਕਟਰ ਨੂੰ ਅੱਗ ਲਗਾ ਦਿੱਤੀ ਅਤੇ ਉਸ ਨੇ ਪ੍ਰਧਾਨ ਮੰਤਰੀ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਬਿੱਲ ਵਾਪਿਸ ਨਾ ਲਏ ਗਏ ਤਾਂ ਉਹ ਖੁਦ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਅੱਗ ਲਗਾ ਲਵੇਗਾ।
ਕਿਸਾਨ ਦਵਿੰਦਰ ਬਿਹਲਾ ਨੇ ਕਿਹਾ ਕਿ ਟਰੈਕਟਰ ਕਿਸਾਨ ਦਾ ਪੁੱਤਰ ਹੁੰਦਾ ਹੈ। ਮੈਂ ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਆਪਣੇ ਪੁੱਤਰ ਨੂੰ ਅੱਗ ਲਗਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਬਿੱਲ ਪਾਸ ਹੋ ਜਾਂਦੇ ਹਨ ਤਾਂ ਪੰਜਾਬ ਦੀ ਕਿਰਸਾਨੀ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਆਰਡੀਨੈਂਸਾਂ ‘ਤੇ ਫਿਰ ਗੌਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਸਿਆਸੀ ਪਾਰਟੀਆਂ ਦੀ ਜਾਂ ਅਮੀਰ ਗਰੀਬ ਦੀ ਨਹੀਂ ਹੈ, ਇਹ ਲੜਾਈ ਕਿਸਾਨਾਂ ਦੀ ਹੋਂਦ ਦੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਿਹੜੇ ਖੇਤੀ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿਚ ਪਾਸ ਕੀਤੇ ਗਏ ਹਨ, ਉਹ ਪੂਰੀ ਤਰ੍ਹਾਂ ਕਿਸਾਨਾਂ ਦੇ ਖ਼ਿਲਾਫ਼ ਹਨ ਅਤੇ ਅਕਾਲੀ ਦਲ ਇਨ੍ਹਾਂ ਬਿੱਲਾਂ ਦੇ ਵਿਰੋਧ ਵਿਚ ਅੱਜ ਧਰਨੇ ‘ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ ਵਿਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਵੀ ਦੇ ਦਿੱਤਾ ਹੈ, ਇਸੇ ਦੇ ਚੱਲਦਿਆਂ ਉਨ੍ਹਾਂ ਨੇ ਆਪਣੇ ਟਰੈਕਟਰ ਨੂੰ ਅੱਗ ਲਗਾ ਦਿੱਤੀ। ਜੇ ਅਜੇ ਵੀ ਪ੍ਰਧਾਨ ਮੰਤਰੀ ਨੇ ਇਨ੍ਹਾਂ ਬਿੱਲਾਂ ‘ਤੇ ਗੌਰ ਨਾ ਕੀਤਾ ਤਾਂ ਅਜੇ ਤਾਂ ਉਨ੍ਹਾਂ ਨੇ ਟਰੈਕਟਰ ਦੀ ਸਾੜਿਆ ਹੈ, ਫਿਰ ਦਿੱਲੀ ਆ ਕੇ ਪ੍ਰਧਾਨ ਮੰਤਰੀ ਮੋਦੀ ਜੀ ਦੀ ਰਿਹਾਇਸ਼ ਸਾਹਮਣੇ ਆਪਣੇ ਆਪ ਨੂੰ ਅੱਗ ਲਗਾ ਲੈਣਗੇ।