BSF catches suspicious : ਭਾਰਤ-ਪਾਕਿ ਸਰਹੱਦ ‘ਤੇ BSF ਨੇ ਕਬੂਤਰ ਨੂੰ ਫੜਿਆ ਹੈ। ਪੁੱਛਗਿਛ ‘ਚ ਇਹ ਕਬੂਤਰ ਪਾਕਿਸਤਾਨ ਦਾ ਨਿਕਲਿਆ। ਇਸ ‘ਤੇ ਸਿਆਲਕੋਟ ਗਰੁੱਪ ਦੇ ਨਾਂ ਦੀ ਮੋਹਰ ਲੱਗੀ ਹੈ ਪਰ ਇਸ ‘ਚ ਕਿਸੇ ਤਰ੍ਹਾਂ ਦੀ ਚਿਪ ਜਾਂ ਡਿਵਾਈਸ ਨਹੀਂ ਪਾਈ ਗਈ ਪਰ ਅਹਿਤਿਆਤ ਦੇ ਤੌਰ ‘ਤੇ ਸੁਰੱਖਿਆ ਏਜੰਸੀਆਂ ਜਾਂਚ ‘ਚ ਲੱਗ ਗਈਆਂ ਹਨ। ਸ਼ਨੀਵਾਰ ਨੂੰ ਇਹ ਕਬੂਤਰ ਬਮਿਆਲ ਸੈਕਟਰ ਦੀ ਸਰਹੱਦ ‘ਤੇ ਉਡ ਰਿਹਾ ਸੀ। ਵਾਰ-ਵਾਰ ਕਬੂਤਰ ਦੇ ਏਰੀਆ ‘ਚ ਚੱਕਰ ਕੱਟਣ ‘ਤੇ BSF ਜਵਾਨ ਸਾਵਧਾਨ ਹੋ ਗਏ ਅਤੇ ਉਸ ਨੂੰ ਫੜ ਲਿਆ। ਐੱਸ. ਪੀ. ਆਪ੍ਰੇਸ਼ਨ ਹੇਮਪੁਸ਼ਪ ਸ਼ਰਮਾ ਨੇ ਕਿਹਾ ਕਿ ਕਬੂਤਰ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਇਹ ਪਾਕਿਸਤਾਨ ਵੱਲੋਂ ਆਇਆ ਹੈ। BSF ਤੇ ਪੁਲਿਸ ਸਰਹੱਦ ‘ਤੇ ਪੂਰੀ ਸਾਵਧਾਨੀ ਵਰਤ ਰਹੀ ਹੈ।
ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਸਰਹੱਦ ‘ਤੇ ਪਾਕਿਸਤਾਨ ਤੋਂ ਗੁਬਾਰੇ ਉਡ ਕੇ ਆਏ ਸਨ ਜਿਨ੍ਹਾਂ ਨੂੰ ਵੀ BSF ਜਵਾਨਾਂ ਨੇ ਫਾਇਰਿੰਗ ਨਾਲ ਡੇਗ ਦਿੱਤਾ ਸੀ। ਪਾਕਿਸਤਾਨ ਵੱਲੋਂ ਬੁੱਧਵਾਰ ਰਾਤ ਲਗਭਗ 10 ਵਜੇ ਆਸਮਾਨ ‘ਚ ਤਿੰਨ ਚਮਕਦੀਆਂ ਚੀਜ਼ਾਂ BSF ਦੀ ਟਿੰਡਾ ਫਾਰਵਰਡ ਪੋਸਟ ਵੱਲ ਆਉਂਦੀ ਦਿਖੀ। BSF ਜਵਾਨਾਂ ਨੇ ਫਾਇਰਿੰਗ ਕਰਕੇ ਉਨ੍ਹਾਂ ਨੂੰ ਡੇਗ ਦਿੱਤਾ। ਜਵਾਨਾਂ ਨੂੰ ਸ਼ੱਕ ਹੋਇਆ ਕਿ ਸਰਹੱਦ ਪਾਰ ਤੋਂ ਹਨੇਰੇ ‘ਚ ਡ੍ਰੋਨ ਉਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਾਇਰਿੰਗ ਤੋਂ ਬਾਅਦ ਛਾਣਬੀਣ ‘ਚ ਦੇਖਿਆ ਗਿਆ ਕਿ ਕਿਸੇ ਨੇ ਸਰਹੱਦ ਪਾਰ ਤੋਂ ਲਾਈਟ ਲੱਗੇ ਗੁਬਾਰੇ ਉਡਾਏ ਹਨ।
ਪਾਕਿਸਤਾਨ ਨਾਲ ਲੱਗਦੇ ਪਠਾਨਕੋਟ ਜਿਲ੍ਹੇ ਦੀ ਕੌਮਾਂਤਰੀ ਸਰਹੱਦ ਦਾ ਵੱਡਾ ਹਿੱਸਾ ਜੁੜਿਆ ਹੈ। ਬਮਿਆਲ ਸੈਕਟਰ ਅੱਤਵਾਦੀ ਘੁਸਪੈਠ ਅਤੇ ਹਥਿਆਰਾਂ ਦੀ ਸਮਗਲਿੰਗ ਲਈ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਪਿਛਲੇ ਕੁਝ ਸਾਲਾਂ ‘ਚ ਦੀਨਾਨਗਰ ਅਤੇ ਪਠਾਨਕੋਟ ਏਅਰਬੇਸ ‘ਤੇ ਅੱਤਵਾਦੀ ਹਮਲੇ ਹੋ ਚੁੱਕੇ ਹਨ। ਅੰਮ੍ਰਿਤਸਰ ਤੇ ਗੁਰਦਾਸਪੁਰ ‘ਚ ਡ੍ਰੋਨ ਨਾਲ ਹਥਿਆਰ ਭੇਜਣ ਦੀਆਂ ਘਟਨਾਵਾਂ ਤੋਂ ਬਾਅਦ BSF ਨੇ ਬਮਿਆਲ ਸੈਕਟਰ ‘ਚ ਵੀ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਹਨ।