Alyssa Healy breaks MS Dhoni record: ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਮਹਿਲਾ ਵਿਕਟਕੀਪਰ ਐਲਿਸਾ ਹੀਲੀ ਨੇ ਐਤਵਾਰ ਨੂੰ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਸ਼ਿਕਾਰ ਕਰਨ ਦੇ ਰਿਕਾਰਡ ਨੂੰ ਪਛਾੜ ਦਿੱਤਾ ਹੈ । ਉਸਨੇ ਇਹ ਕੰਮ ਬ੍ਰਿਸਬੇਨ ਦੇ ਐਲਨ ਬਾਰਡਰ ਫੀਲਡ ਵਿਖੇ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਟੀ-20 ਮੈਚ ਦੌਰਾਨ ਕੀਤਾ । ਹੁਣ ਹੀਲੀ ਦੇ ਨਾਮ ਟੀ-20 ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ ਖਿਡਾਰੀਆਂ ਨੂੰ ਪਵੇਲੀਅਨ ਭੇਜਣ ਦਾ ਰਿਕਾਰਡ ਹੈ।
ਇਸ ਤੋਂ ਪਹਿਲਾਂ ਇਹ ਰਿਕਾਰਡ ਐਮਐਸ ਧੋਨੀ ਦੇ ਨਾਮ ਸੀ, ਜਿਨ੍ਹਾਂ ਨੇ ਵਿਕਟ ਦੇ ਪਿੱਛੇ ਰਹਿੰਦਿਆਂ 91 ਖਿਡਾਰੀਆਂ ਨੂੰ ਆਊਟ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਧੋਨੀ ਨੇ ਭਾਰਤ ਲਈ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ ਕੁੱਲ 98 ਮੈਚ ਖੇਡੇ ਹਨ। ਆਸਟ੍ਰੇਲੀਆ ਦੀ ਮਹਿਲਾ ਵਿਕਟਕੀਪਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 114 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ । ਜੇ ਦੋਵੇਂ ਖਿਡਾਰੀਆਂ ਨੂੰ ਦੇਖਿਆ ਜਾਵੇ ਤਾਂ ਧੋਨੀ ਦਾ ਪਲੜਾ ਭਾਰੀ ਹੈ ਕਿਉਂਕਿ ਉਨ੍ਹਾਂ ਨੇ ਹੀਲੀ ਦੇ ਮੁਕਾਬਲੇ 16 ਮੈਚ ਘੱਟ ਖੇਡੇ ਹਨ।
ਦੱਸ ਦੇਈਏ ਕਿ ਧੋਨੀ ਨੇ ਪਿਛਲੇ ਮਹੀਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ । ਉਨ੍ਹਾਂ ਨੇ 15 ਅਗਸਤ ਦੀ ਸ਼ਾਮ ਨੂੰ ਇੰਸਟਾਗ੍ਰਾਮ ‘ਤੇ ਇੱਕ ਪੋਸਟ ਰਾਹੀਂ ਸੰਨਿਆਸ ਲਿਆ ਸੀ। ਧੋਨੀ ਇਸ ਸਮੇਂ ਯੂਏਈ ਵਿੱਚ ਜਾਰੀ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਰੁੱਝੇ ਹੋਏ ਹਨ ਅਤੇ ਚੇੱਨਈ ਸੁਪਰ ਕਿੰਗਜ਼ ਦੀ ਅਗਵਾਈ ਕਰ ਰਹੇ ਹਨ। ਧੋਨੀ ਦੀ ਕਪਤਾਨੀ ਵਿੱਚ ਟੀਮ ਨੇ ਹੁਣ ਤੱਕ ਖੇਡੇ ਗਏ ਤਿੰਨ ਮੈਚਾਂ ਵਿੱਚੋਂ ਇੱਕ ਜਿੱਤਿਆ ਹੈ, ਜਦੋਂਕਿ ਟੀਮ ਨੂੰ ਦੋ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।