government punjab paddy procurement: ਲੁਧਿਆਣਾ,(ਤਰਸੇਮ ਭਾਰਦਵਾਜ)-ਪੰਜਾਬ ਸੂਬੇ ‘ਚ ਝੋਨੇ ਦੀ ਆਗਾਮੀ ਫਸਲ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਮੰਡੀਆਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ।ਜਿਸ ‘ਚ 27 ਸਤੰਬਰ ਤੋਂ ਖ੍ਰੀਦ ਪ੍ਰਕ੍ਰਿਆ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਅਤੇ ਸਿਵਿਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸੂਬੇ ਦੀਆਂ ਮੰਡੀਆਂ ‘ਚ ਝੋਨੇ ਦੀ ਤਿਆਰ ਫਸਲ ਲਿਆਉਣ ਬਾਰੇ ਉਨ੍ਹਾਂ ਨੂੰ ਸੂਚਨਾਵਾਂ ਮਿਲ ਰਹੀਆਂ ਹਨ।ਜਿਸ ‘ਤੇ ਉਨ੍ਹਾਂ ਨੇ 1 ਅਕਤੂਬਰ 2020 ਨੂੰ ਸ਼ੁਰੂ ਕੀਤੀ ਜਾਣ ਵਾਲੀ ਖ੍ਰੀਦ ਪ੍ਰਕਿਰਿਆ ਨੂੰ 27 ਸਤੰਬਰ ਤੋਂ ਸ਼ੁਰੂ ਹੋਣ ਦੇ ਹੁਕਮ ਆ ਚੁੱਕੇ ਹਨ।ਮੰਤਰੀ ਆਸ਼ੂ ਦਾ ਕਹਿਣਾ ਹੈ ਕਿ
ਪੰਜਾਬ ਸਰਕਾਰ ਕਿਸਾਨਾਂ ਦੇ ਦਾਣੇ-ਦਾਣੇ ਦੀ ਮਿਹਨਤ ਦਾ ਮੁੱਲ ਉਨ੍ਹਾਂ ਨੂੰ ਦੇਣ ਲਈ ਵਚਨਬੱਧ ਹੈ।ਦੱਸਣਯੋਗ ਹੈ ਕਿ ਮੰਡੀਆਂ ‘ਚ ਸਮਾਜਿਕ ਦੂਰੀ ਬਣਾ ਰੱਖਣਾ ਵੈਸੇ ਤਾਂ ਅਸੰਭਵ ਹੈ ਪਰ ਇਸ ਨਿਯਮ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਵੇ ਇਸ ਦਾ ਪੂਰਨ ਖਿਆਲ ਰੱਖਿਆ ਜਾਵੇਗਾ ਕਿਉਂਕਿ ਮੰਡੀਆਂ ‘ਚ ਕਿਸਾਨਾਂ, ਮਜ਼ਦੂਰਾਂ, ਪੱਲੇਦਾਰਾਂ, ਆੜਤੀਆਂ ਖ੍ਰੀਦ, ਵੇਚਣ ਵਾਲਿਆਂ ਤੋਂ ਲੈ ਕੇ ਸਰਕਾਰੀ ਮੁਲਾਜ਼ਮਾਂ ਦੇ ਕੋਰੋਨਾ ਤੋਂ ਬਚਾਅ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ।ਮੰਡੀਆਂ ‘ਚ ਪੂਰਨ ਤੌਰ ‘ਤੇ ਸਾਰੇ ਲੋਕਾਂ ਨੂੰ ਸੈਨੇਟਾਈਜ਼ਰ ਸਬੰਧੀ ਵਿਸ਼ੇਸ ਸਹੂਲਤਾਂ ਅਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਹੱਥਾਂ ਨੂੰ ਸੈਨੇਟਾਈਜ਼ ਕਰਨ ਲਈ ਸਾਬਣ, ਪਾਣੀ ਅਤੇ 70 ਫੀਸਦੀ ਅਲਕੋਹਲ ਵਾਲੇ ਸੈਨੇਟਾਈਜ਼ਰ ਦਾ ਪ੍ਰਬੰਧ ਕੀਤਾ ਜਾਵੇਗਾ।ਝੋਨੇ ਦੀ ਫਸਲ ਦੀ ਖ੍ਰੀਦ ਸਤੰਬਰ ਤੋਂ 30 ਨਵੰਬਰ ਤੱਕ ਚੱਲੇਗੀ ਅਤੇ ਖ੍ਰੀਦ ਤੋਂ 48 ਘੰਟਿਆਂ ‘ਚ ਜਿਣਸ ਦੀ ਲਿਫਟਿੰਗ ਨੂੰ ਯਕੀਨੀ ਬਣਾਉਣ ਦੇ ਹੁਕਮ ਜਾਰੀ ਕੀਤੇ ਜਾਣਗੇ।