Rahul Gandhi’s tractor : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਪੰਜਾਬ ‘ਚ ਟਰੈਕਟਰ ਰੈਲੀ ਦਾ ਪ੍ਰੋਗਰਾਮ ਇੱਕ ਵਾਰ ਫਿਰ ਬਦਲ ਗਿਆ ਹੈ। ਰਾਹੁਲ ਗਾਂਧੀ ਦੀ ਯਾਤਰਾ ਹੁਣ 4 ਅਕਤੂਬਰ ਤੋਂ ਸ਼ੁਰੂ ਹੋਵੇਗੀ ਤੇ 6 ਅਕਤੂਬਰ ਨੂੰ ਇਹ ਹਰਿਆਣਾ ‘ਚ ਪ੍ਰਵੇਸ਼ ਕਰੇਗੀ। ਰਾਹੁਲ ਦੀ ਯਾਤਰਾ ਦੇ ਪ੍ਰੋਗਰਾਮ ‘ਚ ਦੋ ਵਾਰ ਬਦਲਾਅ ਹੋ ਚੁੱਕਾ ਹੈ। ਪਹਿਲਾਂ ਉਹ 2 ਅਕਤੂਬਰ ਤੋਂ ਇਹ ਯਾਤਰਾ ਸ਼ੁਰੂ ਕਰਨ ਵਾਲੇ ਸਨ ਅਤੇ ਇਸ ਨੂੰ 3 ਅਕਤੂਬਰ ਤੋਂ ਕਰ ਦਿੱਤਾ ਗਿਆ ਸੀ। ਦੂਜੇ ਪਾਸੇ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਨਾਲ ਕਾਂਗਰਸ ਪੰਜਾਬ ਦੀ ਸਿਆਸਤ ‘ਚ ਨਵਜੋਤ ਸਿੰਘ ਸਿੱਧੂ ਦੀ ‘ਰੀਲਾਂਚਿੰਗ’ ਕਰਨ ਦੀ ਤਿਆਰੀ ਕਰ ਰਹੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਦੀ ਟਰੈਕਟਰ ਯਾਤਰਾ ਦੇ ਪ੍ਰੋਗਰਾਮ ‘ਚ ਤਬਦੀਲੀ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਦੀ ਯਾਤਰਾ ਦਾ ਪ੍ਰੋਗਰਾਮ ਪਹਿਲਾਂ ਦੀ ਤਰ੍ਹਾਂ ਹੀ ਰਹੇਗਾ ਸਿਰਫ ਤਰੀਖਾਂ ‘ਚ ਹੀ ਤਬਦੀਲੀ ਕੀਤੀ ਗਈ ਹੈ। ਹੁਣ ਰਾਹੁਲ ਦੀ ਯਾਤਰਾ 4 ਅਕਤੂਬਰ ਨੂੰ ਸ਼ੁਰੂ ਹੋ ਕੇ 6 ਅਕਤੂਬਰ ਤੱਕ ਚੱਲੇਗੀ। ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵਨੀਤ ਠੁਕਰਾਲ ਨੇ ਇਸ ਸਬੰਧ ‘ਚ ਟਵੀਟ ਕੀਤਾ ਹੈ।
ਦੂਜੇ ਪਾਸੇ ਪੰਜਾਬ ਕਾਂਗਰਸ ਨੇ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੀ ਸਫਲਤਾ ਲਈ ਪੂਰਾ ਜ਼ੋਰ ਲਗਾ ਦਿੱਤਾ ਹੈ। ਇਸ ਲਈ ਫਾਇਰ ਬ੍ਰਾਂਡ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਕਵਾਇਦ ‘ਚ ਲੱਗੀ ਹੋਈ ਹੈ। ਰਾਹੁਲ ਗਾਂਧੀ ਦੀ ਟਰੈਕਟਰ ਯਾਤਰਾ ਨਾਲ ਕਾਂਗਰਸ ਪੰਜਾਬ ‘ਚ ਸਿੱਧੂ ਨੂੰ ਲੈ ਕੇ ਨਵੀਂ ਸ਼ੁਰੂਆਤ ਕਰਨ ਦੀ ਤਿਆਰੀ ‘ਚ ਹੈ। ਪੰਜਾਬ ਕਾਂਗਰਸ ਨੇ ਸਿੱਧੂ ਨੂੰ ਪਾਰਟੀ ਦਾ ਸਟਾਰ ਕਰਾਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਇੰਚਾਰਚ ਹਰੀਸ਼ ਰਾਵਤ ਨੇ ਕਿਹਾ ਕਿ ਸਿੱਧੂ ਕਾਂਗਰਸ ਦੇ ਸਟਾਰ ਹਨ ਤੇ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ‘ਚ ਆਉਣਗੇ।