Rahul Gandhi’s tractor : 4 ਅਕਤੂਬਰ ਤੋਂ ਪੰਜਾਬ ‘ਚ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਸ਼ੁਰੂ ਹੋ ਰਹੀ ਹੈ। ਇਸ ਰੈਲੀ ‘ਚ 5000 ਟਰੈਕਟਰ ਕਾਫਲੇ ‘ਚ ਸ਼ਾਮਲ ਹੋਣਗੇ। ਉਥੇ ਰੋਡ ਸ਼ੋਅ ਦੀ ਸੁਰੱਖਿਆ ‘ਚ 10,000 ਤੋਂ ਵੱਧ ਪੁਲਿਸ ਜਵਾਨ ਤਾਇਨਾਤ ਹੋਣਗੇ। ਦੱਸ ਦੇਈਏ ਕਿ ਰਾਹੁਲ ਗਾਂਧੀ ਦੀ ਇਹ ਰੈਲੀ ਕਿਸਾਨਾਂ ਦੇ ਸਮਰਥਨ ਤੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਆਯੋਜਿਤ ਕੀਤੀ ਜਾ ਰਹੀ ਹੈ। ਪੰਜਾਬ ਦੇ ਮੋਗਾ ਤੋਂ ਸ਼ੁਰੂ ਹੋਣ ਵਾਲੀ ਰੈਲੀ ਹਰਿਆਣਾ ਦੇ ਰਸਤੇ ਦਿੱਲੀ ‘ਚ ਜਾ ਕੇ ਖਤਮ ਹੋਵੇਗੀ।
ਲੰਬੇ ਸਮੇਂ ਤੋਂ ਬੈਕਫੁੱਟ ‘ਤੇ ਚੱਲ ਰਹੇ ਨਵਜੋਤ ਸਿੱਧੂ ਨੂੰ ਇੱਕ ਵਾਰ ਫਿਰ ਰਾਹੁਲ ਦੀ ਮੋਗਾ ਰੈਲੀ ‘ਚ ਫਰੰਟ ਫੁੱਟ ‘ਤੇ ਖੇਡਣ ਦਾ ਮੌਕਾ ਮਿਲ ਸਕਦਾ ਹੈ। ਵੀਰਵਾਰ ਨੂੰ ਨਵਜੋਤ ਸਿੱਧੂ ਤੇ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨਾਲ ਬੈਠਕ ਤੋਂ ਬਾਅਦ ਇਹ ਚਰਚਾ ਜ਼ੋਰਾਂ ‘ਤੇ ਹੈ। ਸਿੱਧੂ ਨੂੰ ਇੱਕ ਵਾਰ ਫਿਰ ਅੱਗੇ ਆਉਣ ਦਾ ਮੌਕਾ ਮਿਲ ਸਕਦਾ ਹੈ। ਜੇਕਰ ਅਜਿਹਾ ਹੋਇਆ ਤਾਂ ਪੰਜਾਬ ਕਾਂਗਰਸ ‘ਚ ਫਿਰ ਤੋਂ ਘਮਾਸਾਨ ਸ਼ੁਰੂ ਹੋ ਜਾਵੇਗਾ ਕਿਉਂਕਿ ਨਵਜੋਤ ਸਿੱਧੂ ਪਹਿਲਾਂ ਹੀ ਸਾਫ ਕਰ ਚੁੱਕੇ ਹਨ ਕਿ ਉਨ੍ਹਾਂ ਲਈ ਕਪਤਾਨ ਤਾਂ ਰਾਹੁਲ ਗਾਂਧੀ ਹਨ। ਖੇਤੀ ਕਾਨੂੰਨਾਂ ਨੂੰ ਲੈ ਕੇ ਇਸ ਸਮੇਂ ਪੂਰੇ ਪੰਜਾਬ ‘ਚ ਮਾਹੌਲ ਗਰਮ ਹੈ। ਇਸ ਕਾਨੂੰਨ ਦੇ ਵਿਰੋਧ ‘ਚ ਪੰਜਾਬ ਦੀਆਂ 31 ਕਿਸਾਨ ਯੂਨੀਅਨਾਂ ਸੜਕ ‘ਤੇ ਉਤਰ ਚੁੱਕੀਆਂ ਹਨ। ਪੰਜਾਬ ਦੇ ਪਿੰਡਾਂ ‘ਚ ਇਨ੍ਹਾਂ ਕਾਨੂੰਨਾਂ ਖਿਲਾਫ ਭਾਰੀ ਰੋਸ ਹੈ। ਸਾਰੇ ਰਾਜਨੀਤਕ ਦਲਾਂ ਦੀ ਨਜ਼ਰ ਕਿਸਾਨਾਂ ਦੇ ਵੋਟ ਬੈਂਕ ‘ਤੇ ਹੈ।
ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਨੂੰ ਲੈ ਕੇ ਕਾਂਗਰਸੀ ਤੇ ਪੰਜਾਬ ਦਾ ਪੂਰਾ ਪ੍ਰਸ਼ਾਸਨ ਮੈਦਾਨ ‘ਚ ਉਤਰ ਚੁੱਕਾ ਹੈ। ਸ਼ੁੱਕਰਵਾਰ ਨੂੰ DGP ਦਿਨਕਰ ਗੁਪਤਾ ਖੁਦ ਟਰੈਕਟਰ ਰੈਲੀ ਦਾ ਜਾਇਜ਼ਾ ਲੈਣ ਮੋਗਾ ਦੇ ਬੱਧਨੀਕਲਾਂ ਪੁੱਜੇ। ਉਨ੍ਹਾਂ ਨਾਲ ਲਗਭਗ 15 ਜਿਲ੍ਹਿਆਂ ਦੇ SSP ਸਮੇਤ ਸਾਰੇ ਵੱਡੇ ਅਧਿਕਾਰੀ ਮੌਜੂਦ ਰਹੇ। CM ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਸਮੇਤ ਕਈ ਦਿੱਗਜ਼ ਰੈਲੀ ਦੀਆਂ ਤਿਆਰੀਆਂਦਾ ਜਾਇਜ਼ਾ ਲੈਣ ਪੁੱਜੇ। ਰੈਲੀ ‘ਚ 5000 ਟਰੈਕਟਰ ਟਰਾਲੀਆਂ ਦਾ ਇੰਤਜ਼ਾਮ ਕੀਤੇ ਜਾਣ ਦੀ ਸੂਚਨਾ ਹੈ। ਸੱਤਾਧਾਰੀ ਕਾਂਗਰਸ ਪਾਰਟੀ ਇਸ ਕਾਨੂੰਨ ਦੇ ਵਿਰੋਧ ‘ਚ ਹੈ। ਅਕਾਲੀ ਦਲ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹਰਸਿਮਰਤ ਕੌਰ ਬਾਦਲ ਨੇ ਵੀ ਇਨ੍ਹਾਂ ਬਿੱਲਾਂ ਖਾਤਰ ਕੇਂਦਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਕਾਲੀ ਦਲ ਨੇ ਭਾਜਪਾ ਤੋਂ ਵੀ ਨਾਤਾ ਤੋੜ ਲਿਆ। ਆਮ ਆਦਮੀ ਪਾਰਟੀ ਵੀ ਕਿਸਾਨਾਂ ਦੇ ਪੱਖ ‘ਚ ਹੈ।